ਪੰਜਾਬ ''ਚ ਯੂਰੀਆ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਨੇ ਦਿੱਤੀ ਵੱਡੇ ਅੰਦੋਲਨ ਦੀ ਚਿਤਾਵਨੀ
Monday, Jun 29, 2026 - 01:42 PM (IST)
ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ ਨੂੰ ਸਬਸਿਡੀ 'ਤੇ ਮਿਲਣ ਵਾਲੀ ਯੂਰੀਆ ਖਾਦ ਨੂੰ ਨਿੱਜੀ ਉਦਯੋਗਾਂ ਨੂੰ ਵੇਚਣ ਦੇ ਗੰਭੀਰ ਦੋਸ਼ਾਂ ਨੇ ਸੂਬੇ 'ਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਨੇ ਮਾਰਕਫੈੱਡ ਅਤੇ ਮਿਲਕਫੈੱਡ ਦੇ ਅਧਿਕਾਰੀਆਂ 'ਤੇ ਮਿਲੀ-ਭੁਗਤ ਦੇ ਇਲਜ਼ਾਮ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਵੱਡਾ ਅੰਦੋਲਨ ਛੇੜਿਆ ਜਾਵੇਗਾ। ਕਿਸਾਨਾਂ ਦਾ ਦੋਸ਼ ਹੈ ਕਿ 266 ਰੁਪਏ ਪ੍ਰਤੀ ਬੈਗ ਵਾਲੀ ਸਬਸਿਡੀ ਵਾਲੀ ਯੂਰੀਆ ਉਨ੍ਹਾਂ ਨੂੰ ਸਮੇਂ ਸਿਰ ਨਹੀਂ ਮਿਲ ਰਹੀ, ਜਦੋਂ ਕਿ ਇਹੀ ਖਾਦ ਨਵੇਂ ਲੇਬਲ ਲਗਾ ਕੇ ਉਦਯੋਗਾਂ ਅਤੇ ਕੈਟਲ ਫੀਡ ਪਲਾਂਟਾਂ ਨੂੰ 4,000 ਤੋਂ 5,000 ਰੁਪਏ ਪ੍ਰਤੀ ਬੈਗ ਵੇਚੀ ਜਾ ਰਹੀ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਪਰਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਭੇਜ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਦਯੋਗਾਂ ਨੂੰ ਸਪਲਾਈ ਵੱਧਣ ਕਾਰਨ ਉਨ੍ਹਾਂ ਦੇ ਉਤਪਾਦਾਂ 'ਚ 20 ਫ਼ੀਸਦੀ ਵਾਧਾ ਹੋਇਆ ਹੈ, ਜਦੋਂ ਕਿ ਕਿਸਾਨਾਂ ਦੇ ਹਿੱਸੇ ਦੀ ਖਾਦ ਘੱਟਦੀ ਜਾ ਰਹੀ ਹੈ। ਇਸ ਮਾਮਲੇ 'ਚ ਕਾਂਗਰਸ ਅਤੇ ਭਾਜਪਾ ਵੀ ਕਿਸਾਨਾਂ ਦੇ ਸਮਰਥਨ 'ਚ ਉਤਰ ਆਈ ਹੈ।
ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਸਾਨਾਂ ਦੀ ਸਬਸਿਡੀ ਨਾਲ ਖਿਲਵਾੜ ਕਰਨਾ ਗੰਭੀਰ ਮਾਮਲਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਨੂੰ ਕਰੋੜਾਂ ਰੁਪਏ ਦਾ ਘਪਲਾ ਦੱਸਦਿਆਂ ਸੀ. ਬੀ. ਆਈ.ਜਾਂਚ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਯੂਰੀਆ ਦੀ ਕਮੀ ਕਾਰਨ ਕਿਸਾਨਾਂ ਨੂੰ ਲੰਬੀਆਂ ਕਤਾਰਾਂ 'ਚ ਲੱਗਣਾ ਪੈ ਰਿਹਾ ਹੈ ਜਾਂ ਮਹਿੰਗੇ ਭਾਅ 'ਤੇ ਬਾਜ਼ਾਰੋਂ ਖਾਦ ਖਰੀਦਣੀ ਪੈ ਰਹੀ ਹੈ, ਜਿਸ ਨਾਲ ਖੇਤੀ ਦੀ ਲਾਗਤ ਵੱਧ ਰਹੀ ਹੈ। ਫਿਲਹਾਲ ਇਸ ਮਾਮਲੇ 'ਤੇ ਸਬੰਧਤ ਅਧਿਕਾਰੀਆਂ ਨੇ ਚੁੱਪ ਸਾਧੀ ਹੋਈ ਹੈ।
