ਅੱਜ ਮੱਧ ਪ੍ਰਦੇਸ਼ ਦੇ ਦੌਰੇ ''ਤੇ ਰਹੇਗੀ ਪ੍ਰਿਯੰਕਾ ਗਾਂਧੀ, ਜਨ ਸਭਾ ਨੂੰ ਕਰੇਗੀ ਸੰਬੋਧਿਤ
Thursday, Oct 12, 2023 - 10:59 AM (IST)
ਭੋਪਾਲ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀਰਵਾਰ ਯਾਨੀ ਕਿ ਅੱਜ ਮੱਧ ਪ੍ਰਦੇਸ਼ ਦੇ ਦੌਰੇ 'ਤੇ ਰਹੇਗੀ। ਪ੍ਰਿਯੰਕਾ ਇੱਥੇ ਮੰਡਲਾ ਜ਼ਿਲ੍ਹੇ ਵਿਚ ਇਕ ਜਨ ਸਭਾ ਨੂੰ ਸੰਬੋਧਿਤ ਕਰੇਗੀ। ਕਾਂਗਰਸ ਦੀ ਪ੍ਰਦੇਸ਼ ਇਕਾਈ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਕੇ. ਕੇ. ਮਿਸ਼ਰਾ ਨੇ ਕਿਹਾ ਕਿ ਉਹ ਜਬਲਪੁਰ ਪਹੁੰਚੇਗੀ ਅਤੇ ਫਿਰ ਮੰਡਲਾ ਜਾਵੇਗੀ। ਮਿਸ਼ਰਾ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ ਮੁਖੀ ਕਮਲਨਾਥ ਵੀ ਵੀਰਵਾਰ ਦੁਪਹਿਰ ਕਰੀਬ 12 ਵਜੇ ਪ੍ਰਿਯੰਕਾ ਗਾਂਧੀ ਨਾਲ ਜਨ ਸਭਾ ਨੂੰ ਸੰਬੋਧਿਤ ਕਰਨਗੇ।
ਕਾਂਗਰਸ ਦੇ ਦੋ ਸੀਨੀਅਰ ਨੇਤਾ ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਸਵੇਰੇ 11.15 ਵਜੇ ਜਬਲਪੁਰ ਤੋਂ ਹੈਲੀਕਾਪਟਰ ਰਾਹੀਂ ਰਵਾਨਾ ਹੋਣਗੇ ਅਤੇ 11.45 ਵਜੇ ਮੰਡਲਾ ਪਹੁੰਚਣਗੇ। ਉਹ ਦੁਪਹਿਰ 12 ਵਜੇ ਉਥੇ ਕਾਂਗਰਸ ਦੀ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਮੰਡਲਾ ਤੋਂ ਦੁਪਹਿਰ 1.15 ਵਜੇ ਹੈਲੀਕਾਪਟਰ ਰਾਹੀਂ ਰਵਾਨਾ ਹੋਣਗੇ ਅਤੇ 1.45 ਵਜੇ ਜਬਲਪੁਰ ਪਹੁੰਚਣਗੇ। ਇਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਜਬਲਪੁਰ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਵੇਗੀ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੀਆਂ ਸਾਰੀਆਂ 230 ਸੀਟਾਂ 'ਤੇ 17 ਨਵੰਬਰ ਨੂੰ ਇਕੋ ਪੜਾਅ 'ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਭਾਜਪਾ ਹੁਣ ਤੱਕ 136 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।