ਪ੍ਰਿਯੰਕਾ ਗਾਂਧੀ ਪਹੁੰਚੀ ਹਿਮਾਚਲ, ਆਫ਼ਤ ਪ੍ਰਭਾਵਿਤ ਜ਼ਿਲ੍ਹਿਆਂ ਦਾ ਲਵੇਗੀ ਜਾਇਜ਼ਾ
Tuesday, Sep 12, 2023 - 01:57 PM (IST)
ਸ਼ਿਮਲਾ- ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਪਹੁੰਚੀ, ਜਿੱਥੇ ਉਹ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ। ਪ੍ਰਿਯੰਕਾ ਇਸ ਦੌਰਾਨ ਇਨ੍ਹਾਂ ਖੇਤਰਾਂ 'ਚ ਜਾਰੀ ਰਾਹਤ ਅਤੇ ਮੁੜਵਸੇਬੇ ਸਬੰਧੀ ਕੰਮਾਂ ਦਾ ਨਿਰੀਖਣ ਵੀ ਕਰੇਗੀ। ਦੱਸ ਦੇਈਏ ਕਿ ਮੋਹਲੇਧਾਰ ਮੀਂਹ ਕਾਰਨ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ 14 ਅਤੇ 15 ਜੁਲਾਈ ਨੂੰ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ 'ਚ ਕਹਿਰ ਵਰ੍ਹਾਇਆ ਸੀ।
ਪ੍ਰਿਯੰਕਾ ਗਾਂਧੀ ਅੱਜ ਸਵੇਰੇ ਕੁੱਲੂ ਦੇ ਭੁੰਤਰ ਹਵਾਈ ਅੱਡੇ ਪਹੁੰਚੀ। ਆਪਣੀ ਯਾਤਰਾ ਦੌਰਾਨ ਉਨ੍ਹਾਂ ਨੇ ਸਥਾਨਕ ਔਰਤਾਂ ਤੋਂ ਫੁੱਲ ਲਏ ਅਤੇ ਕਾਂਗਰਸ ਵਰਕਰਾਂ ਅਤੇ ਸਥਾਨਕ ਉਤਪਾਦਕਾਂ ਤੋਂ ਸੇਬ ਉਤਪਾਦਨ, ਟਰਾਂਸਪੋਰਟ, ਬਕਸਿਆਂ ਦੀਆਂ ਦਰਾਂ ਨੂੰ ਲੈ ਕੇ ਚਰਚਾ ਕੀਤੀ। ਪ੍ਰਿਯੰਕਾ ਨਾਲ ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਲੋਕ ਨਿਰਮਾਣ ਮੰਤਰੀ ਵਿਕ੍ਰਮਾਦਿਤਿਆ ਸਿੰਘ ਵੀ ਮੌਜੂਦ ਸਨ।
ਸੂਬਾ ਐਮਰਜੈਂਸੀ ਪਰਿਚਾਲਣ ਕੇਂਦਰ ਮੁਤਾਬਕ ਸੂਬੇ 'ਚ 24 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 11 ਸਤੰਬਰ ਤੱਕ 8,679 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਮੀਂਹ ਨਾਲ ਸਬੰਧਤ ਘਟਨਾਵਾਂ 'ਚ 260 ਲੋਕਾਂ ਦੀ ਜਾਨ ਚੱਲੀ ਗਈ। ਮੁੱਖ ਮੰਤਰੀ ਸੁੱਖੂ ਨੇ ਸੂਬੇ 'ਚ 12,000 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿਮਾਚਲ 'ਚ ਆਈ ਆਫ਼ਤ ਨੂੰ ਰਾਸ਼ਟਰੀ ਆਫ਼ਤ ਐਲਾਨ ਕਰਨ ਦੀ ਅਪੀਲ ਕੀਤੀ ਹੈ।