ਦਿੱਲੀ ਦੇ ਰੋਡ ਸ਼ੋਅ ''ਚ ਲੋਕਾਂ ਨੂੰ ਪ੍ਰਿਯੰਕਾ ਨੂੰ ਦਿਖੀ ਦਾਦੀ ਇੰਦਰਾ ਦੀ ਝਲਕ
Thursday, May 09, 2019 - 01:11 PM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਦੇ ਰੋਡ ਸ਼ੋਅ ਤੋਂ ਬਾਅਦ ਕਈ ਲੋਕਾਂ ਦੇ ਮੂੰਹ ਤੋਂ ਨਿਕਲ ਗਿਆ ਕਿ ਪ੍ਰਿਯੰਕਾ 'ਚ ਉਨ੍ਹਾਂ ਦੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਕਸ ਦਿਖਾਈ ਦਿੰਦੀ ਹੈ। ਦੱਖਣੀ ਦਿੱਲੀ ਦੇ ਮਦਨਗੀਰ 'ਚ ਰਹਿਣ ਵਾਲੀ ਉਰਮੀਲਾ ਅਤੇ ਮੁੰਨੀ ਬੁੱਧਵਾਰ ਨੂੰ ਸੜਕ ਦੇ ਡਿਵਾਈਡਰ 'ਤੇ ਖੜ੍ਹੀਆਂ ਹੋ ਕੇ ਪ੍ਰਿਯੰਕਾ ਦੇ ਕਾਫਲੇ ਦਾ ਸਵਾਗਤ ਕਰ ਰਹੀਆਂ ਸਨ। ਪ੍ਰਿਯੰਕਾ ਨੂੰ ਦੇਖਣ ਤੋਂ ਬਾਅਦ ਉਰਮੀਲਾ ਦਾ ਕਹਿਣਾ ਹੈ,''ਉਹ ਬਿਲਕੁੱਲ ਇੰਦਰਾ ਗਾਂਧੀ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਉਹ ਬਿਲਕੁੱਲ ਉਨ੍ਹਾਂ ਦੀ ਤਰ੍ਹਾਂ ਦਿਖਦੀ ਹੈ, ਵਾਲ ਸੰਵਾਰਨ ਦਾ ਉਹੀ ਤਰੀਕਾ, ਉਨ੍ਹਾਂ ਨੂੰ ਦੇਖ ਕੇ ਸਾਨੂੰ ਇੰਦਰਾ ਜੀ ਦੀ ਯਾਦ ਆਉਂਦੀ ਹੈ।'' ਦੋਹਾਂ ਨੇ ਕਿਹਾ ਕਿ ਉਨ੍ਹਾਂ ਨੇ ਰੈਲੀਆਂ ਦੌਰਾਨ ਇੰਦਰਾ ਗਾਂਧੀ ਨੂੰ ਦੇਖਿਆ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪਾਰਟੀ 'ਚ ਜਾਨ ਫੂਕਣ 'ਚ ਪ੍ਰਿਯੰਕਾ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਮੁੰਨੀ ਨੇ ਕਿਹਾ,''ਮੈਂ ਅਲੀਗੜ੍ਹ ਦੀ ਰੈਲੀ 'ਚ ਇੰਦਰਾ ਗਾਂਧੀ ਨੂੰ ਦੇਖਿਆ ਸੀ, ਅੱਜ ਜਦੋਂ ਭਾਜਪਾ ਦੇ ਨੇਤਾ ਨਹਿਰੂ ਜੀ ਅਤੇ ਨਹਿਰੂ-ਗਾਂਧੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਕੋਸਦੇ ਹਨ ਤਾਂ ਉਨ੍ਹਾਂ ਲਈ ਸਾਡਾ ਪਿਆਰ ਹੋਰ ਵਧ ਜਾਂਦਾ ਹੈ।'' ਪ੍ਰਿਯੰਕਾ ਨੇ ਬੁੱਧਵਾਰ ਦੀ ਸ਼ਾਮ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਓਲੰਪੀਅਨ ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਪੱਖ 'ਚ ਰੈਲੀ ਕੀਤੀ। ਉਹ ਰੋਡ ਸ਼ੋਅ ਸ਼ਾਮ 7 ਵਜੇ ਵਿਰਾਟ ਸਿਨੇਮਾ ਤੋਂ ਸ਼ੁਰੂ ਹੋਇਆ ਅਤੇ 8 ਵਜੇ ਤਿਗੜੀ ਚੌਰਾਹੇ 'ਤੇ ਖਤਮ ਹੋਇਆ। ਰੋਡ ਸ਼ੋਅ 'ਚ ਮੌਜੂਦ ਕਾਂਗਰਸ ਤੋਂ ਕੌਂਸਲਰ ਓਮਵਤੀ (54) ਦਾ ਵੀ ਕਹਿਣਾ ਹੈ ਕਿ ਪ੍ਰਿਯੰਕਾ ਗਾਂਧੀ ਉਨ੍ਹਾਂ ਨੂੰ ਇੰਦਰਾ ਗਾਂਧੀ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਨੇ ਕਿਹਾ,''ਮੈਂ ਇੰਦਰਾ ਗਾਂਧੀ ਨੂੰ ਕਈ ਵਾਰ ਦੇਖਿਆ ਸੀ ਅਤੇ ਪ੍ਰਿਯੰਕਾ ਗਾਂਧੀ ਉਨ੍ਹਾਂ ਦੀ ਤਰ੍ਹਾਂ ਸਵਾਗਤ ਕਰਦੀ ਹੈ, ਗੱਲਬਾਤ ਕਰਦੀ ਹੈ। ਉਨ੍ਹਾਂ ਦਾ ਚਿਹਰਾ, ਗੱਲਬਾਤ, ਜਿਸ ਤਰ੍ਹਾਂ ਉਹ ਲੋਕਾਂ ਨਾਲ ਗੱਲ ਕਰਦੀ ਹੈ, ਉਹ ਬਿਲਕੁੱਲ ਉਨ੍ਹਾਂ ਦੀ ਦਾਦੀ ਦੀ ਤਰ੍ਹਾਂ ਹੈ। ਉਨ੍ਹਾਂ ਦੇ ਸਿਆਸਤ 'ਚ ਆਉਣ ਨਾਲ ਕਾਂਗਰਸ 'ਚ ਨਵੀਂ ਜਾਨ ਆਈ ਹੈ।''