ਭਾਜਪਾ ਲੋਕਰਾਜੀ ਪੈਮਾਨਿਆਂ ਦੀ ਪਾਲਣਾ ਨਹੀਂ ਕਰਦੀ : ਪ੍ਰਿਅੰਕਾ ਗਾਂਧੀ
Saturday, Nov 30, 2024 - 09:31 PM (IST)
ਕੋਝੀਕੋਡ (ਕੇਰਲ), (ਭਾਸ਼ਾ)- ਲੋਕ ਸਭਾ ਦੀ ਉੱਪ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਕੇਰਲ ਦੇ 2 ਦਿਨਾ ਦੌਰੇ ’ਤੇ ਪਹੁੰਚੀ ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਇਆ ਹੈ ਕਿ ਉਹ ਸਿਆਸੀ ਲੜਾਈ ’ਚ ਵੀ ਆਮ ਲੋਕਰਾਜੀ ਪੈਮਾਨਿਆਂ ਦੀ ਪਾਲਣਾ ਨਹੀਂ ਕਰਦੀ।
ਪ੍ਰਿਅੰਕਾ ਨੇ ਭਾਜਪਾ ਦੇ ਵਤੀਰੇ ਦੀ ਤੁਲਨਾ ਵਾਇਨਾਡ ’ਚ ਜੁਲਾਈ ’ਚ ਆਈ ਕੁਦਰਤੀ ਆਫਤ ਨਾਲ ਕੀਤੀ ਤੇ ਕਿਹਾ ਕਿ ਇਕ ਕੁਦਰਤੀ ਆਫ਼ਤ ਵਾਂਗ ਭਾਜਪਾ ਦਾ ਆਚਰਣ ਕਿਸੇ ਵੀ ਲੋਕਰਾਜੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਜਿਵੇਂ ਆਮ ਤੌਰ ’ਤੇ ਸਿਆਸੀ ਲੜਾਈਆਂ ’ਚ ਕੀਤਾ ਜਾਂਦਾ ਹੈ।
ਇੱਥੇ ਮੁੱਕਮ ’ਚ ਆਪਣੇ ਭਰਾ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਸਾਂਝੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਅੱਜ ਅਸੀਂ ਭਾਜਪਾ ਤੋਂ ਜਿਨ੍ਹਾਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਉਹ ਜ਼ਮੀਨ ਖਿਸਕਣ ਵਰਗੀਆਂ ਹਨ। ਉਨ੍ਹਾਂ ਦਾ ਕੋਈ ਨਿਯਮ ਨਹੀਂ ਹੈ।
ਪੀੜਤ ਲੋਕਾਂ ਦੀ ਮਦਦ ਲਈ ਸੂਬਾ ਸਰਕਾਰ ’ਤੇ ਦਬਾਅ ਪਾਇਆ ਜਾਵੇ : ਰਾਹੁਲ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਪਣੀ ਪਾਰਟੀ ਕਾਂਗਰਸ ਅਤੇ ਯੂ. ਡੀ. ਐੱਫ. ਨੂੰ ਵਾਇਨਾਡ ’ਚ ਜ਼ਮੀਨ ਖਿਸਕਣ ਕਾਰਨ ਪੀੜਤ ਲੋਕਾਂ ਦੀ ਮਦਦ ਲਈ ਸੂਬਾ ਸਰਕਾਰ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ।
ਰਾਹੁਲ ਨੇ ਜ਼ਮੀਨ ਖਿਸਕਣ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਉਨ੍ਹਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਜਾਇਦਾਦਾਂ ਨੂੰ ਗੁਆ ਦਿੱਤਾ ਹੈ।