ਵਿੰਬਲਡਨ ''ਚ 26 ਸਾਲਾਂ ਬਾਅਦ ਇਕੱਠੀਆਂ ਨਜ਼ਰ ਆਈਆਂ ਲਾਰਾ ਦੱਤਾ ਤੇ ਪ੍ਰਿਯੰਕਾ ਚੋਪੜਾ
Sunday, Jul 12, 2026 - 05:16 PM (IST)
ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਲਾਰਾ ਦੱਤਾ ਨੇ ਹਾਲ ਹੀ ਵਿਚ ਲੰਡਨ ਵਿੱਚ ਵਿੰਬਲਡਨ ਚੈਂਪੀਅਨਸ਼ਿਪ ਦੌਰਾਨ ਆਪਣੀ ਪੁਰਾਣੀ ਦੌਸਤ ਪ੍ਰਿਯੰਕਾ ਚੋਪੜਾ ਨਾਲ ਮੁਲਾਕਾਤ ਕੀਤੀ। ਲਾਰਾ ਨੇ ਇਸ ਖਾਸ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਦੀ ਡੂੰਗੀ ਦੋਸਤੀ ਦੀ ਝਲਕ ਦੇਖਣ ਨੂੰ ਮਿਲੀ। ਲਾਰਾ ਨੇ ਕੈਪਸ਼ਨ ਵਿੱਚ ਲਿਖਿਆ, 26 ਸਾਲ ਬਾਅਦ, ਖੁਸ਼ ਰਹਿਣ ਵਾਲੀਆਂ ਕੁੜੀਆਂ ਅਜੇ ਵੀ...'।

ਦੂਜੇ ਪਾਸੇ ਪ੍ਰਿਯੰਕਾ ਚੋਪੜਾ ਨੇ ਵੀ ਲਾਰਾ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਆਪਣੀ ਸਹੇਲੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਤਸਵੀਰਾਂ ਵਿੱਚ ਦੋਵੇਂ ਅਭਿਨੇਤਰੀਆਂ ਬੇਹੱਦ ਸਟਾਈਲਿਸ਼ ਲੱਗ ਰਹੀਆਂ ਸਨ। ਪ੍ਰਿਯੰਕਾ ਨੇ ਵ੍ਹਾਈਟ ਆਫ ਸ਼ੋਲਡਰ ਡਰੈੱਸ ਪਹਿਨੀ ਹੋਈ ਸੀ, ਜਦੋਂ ਕਿ ਲਾਰਾ ਨੇ ਨੀਲੇ ਰੰਗ ਦੀ ਡਰੈੱਸ ਦੇ ਨਾਲ ਵ੍ਹਾਈਟ ਸ਼ਰਗ ਅਤੇ ਟੋਪੀ ਪਹਿਨੀ ਹੋਈ ਸੀ।

ਸਾਲ 2000 ਵਿੱਚ ਜਿੱਥੇ ਪ੍ਰਿਯੰਕਾ ਚੋਪੜਾ ਨੇ 'ਮਿਸ ਵਰਲਡ' ਦਾ ਖਿਤਾਬ ਜਿੱਤਿਆ ਸੀ, ਉੱਥੇ ਹੀ ਲਾਰਾ ਦੱਤਾ ਨੇ 'ਮਿਸ ਯੂਨੀਵਰਸ' ਦਾ ਤਾਜ ਆਪਣੇ ਨਾਮ ਕੀਤਾ ਸੀ। ਫਿਲਮੀ ਪਰਦੇ 'ਤੇ ਇਨ੍ਹਾਂ ਨੇ 2003 ਵਿੱਚ ਫਿਲਮ 'ਅੰਦਾਜ਼' ਰਾਹੀਂ ਇਕੱਠੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਇਹ ਜੋੜੀ ਫਰਹਾਨ ਅਖਤਰ ਦੀ ਫਿਲਮ 'ਡੌਨ 2' ਵਿੱਚ ਵੀ ਇਕੱਠੀ ਨਜ਼ਰ ਆਈ ਸੀ।
