ਵੱਡੀ ਪਰੇਸ਼ਾਨੀ ਬਣਿਆ ਦਿੱਲੀ 'ਚ ਵੱਧਦਾ ਪ੍ਰਦੂਸ਼ਣ, ਕੇਂਦਰ ਸਰਕਾਰ ਨੇ ਬੁਲਾਈ ਮੀਟਿੰਗ

11/03/2019 6:05:55 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਗੰਭੀਰ ਸਥਿਤੀ ਵਿਚ ਪਹੁੰਚ ਗਿਆ ਹੈ। ਵੱਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਧਾਨ ਸਕੱਤਰ ਅਤੇ ਕੈਬਨਿਟ ਸਕੱਤਰ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕੱਤਰ ਪੀ. ਕੇ. ਮਿਸ਼ਰਾ ਅਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਐਤਵਾਰ ਭਾਵ ਅੱਜ ਦੇਰ ਸ਼ਾਮ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਦਿੱਲੀ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀ ਵੀ ਵੀਡੀਓ ਕਾਨਫਰੰਸਿੰਗ ਜ਼ਰੀਏ ਹਿੱਸਾ ਲੈਣਗੇ।

ਪੀ. ਕੇ. ਮਿਸ਼ਰਾ ਅਤੇ ਰਾਜੀਵ ਗੌਬਾ ਦੀ ਅਗਵਾਈ ਵਿਚ ਹੋਣ ਵਾਲੀ ਇਸ ਮੀਟਿੰਗ ਵਿਚ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਸੰਕਟ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿਚ ਐਤਵਾਰ ਨੂੰ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਇਕ ਵਾਰ ਫਿਰ ਵਾਧਾ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ ਹੈ। ਦਿੱਲੀ-ਐੱਨ. ਸੀ. ਆਰ. 'ਚ ਜ਼ਿਆਦਾ ਥਾਵਾਂ 'ਤੇ ਐਤਵਾਰ ਨੂੰ ਏਅਰ ਕਵਾਲਿਟੀ ਇੰਡੈਕਸ 'ਬਹੁਤ ਗੰਭੀਰ' ਸ਼੍ਰੇਣੀ ਵਿਚ ਪਹੁੰਚ ਗਿਆ ਹੈ। ਪ੍ਰਦੂਸ਼ਣ ਦੀ ਵਜ੍ਹਾ ਕਰ ਕੇ ਦਿੱਲੀ ਵਿਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਦਿੱਲੀ-ਐੱਨ. ਸੀ. ਆਰ. ਸਮੇਤ ਸਾਰੇ ਸਕੂਲ 5 ਨਵੰਬਰ ਤਕ ਲਈ ਬੰਦ ਕਰ ਦਿੱਤੇ ਗਏ ਹਨ। ਐਤਵਾਰ ਨੂੰ ਧੂੰਏਂ (ਸਮੋਗ) ਦੀ ਵਜ੍ਹਾ ਕਰ ਕੇ ਏਅਰ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ ਹੈ। ਦਿੱਲੀ ਤੋਂ ਕਰੀਬ 32 ਉਡਾਣਾਂ ਡਾਇਵਰਟ ਕਰ ਦਿੱਤੀਆਂ ਗਈਆਂ ਹਨ।


Tanu

Content Editor

Related News