ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥਣਾਂ ਦੀਆਂ ਕਮੀਜ਼ਾਂ ਲੁਹਾ ਇਸ ਹਾਲਤ ''ਚ ਭੇਜਿਆ ਘਰ

Saturday, Jan 11, 2025 - 07:33 PM (IST)

ਪ੍ਰਿੰਸੀਪਲ ਦਾ ਸ਼ਰਮਨਾਕ ਕਾਰਾ, ਵਿਦਿਆਰਥਣਾਂ ਦੀਆਂ ਕਮੀਜ਼ਾਂ ਲੁਹਾ ਇਸ ਹਾਲਤ ''ਚ ਭੇਜਿਆ ਘਰ

ਨੈਸ਼ਨਲ ਡੈਸਕ- ਧਨਬਾਦ ਦੇ ਇਕ ਨਾਮੀ ਨਿੱਜੀ ਸਕੂਲ 'ਚ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨਾਲ ਪ੍ਰਿੰਸੀਪਲ ਨੇ ਸ਼ਰਮਨਾਕ ਵਿਵਹਾਰ ਕੀਤਾ ਹੈ। ਵੀਰਵਾਰ ਨੂੰ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਪੈੱਨ ਡੇਅ ਮਨਾ ਰਹੀਆਂ ਸਨ। ਇਸੇ ਦਿਨ ਇਨ੍ਹਾਂ ਦੀ ਪ੍ਰੀਖਿਆ ਦਾ ਆਖਰੀ ਦਿਨ ਸੀ। 

ਪੈੱਨ ਡੇਅ ਦੌਰਾਨ ਵਿਦਿਆਰਥਣਾਂ ਇਕ-ਦੂਜੇ ਦੀਆਂ ਕਮੀਜ਼ਾਂ 'ਤੇ ਸ਼ੁੱਭਕਾਮਨਾਵਾਂ ਲਿਖ ਰਹੀਆਂ ਸਨ ਪਰ ਇਹ ਗੱਲ ਸਕੂਲ ਦੇ ਪ੍ਰਿੰਸੀਪਲ ਨੂੰ ਰਾਸ ਨਹੀਂ ਆਈ। 100 ਦੇ ਕਰੀਬ ਵਿਦਿਆਰਥਣਾਂ ਇਸ ਕੰਮ ਵਿਚ ਸ਼ਾਮਲ ਸਨ। ਸਾਰੀਆਂ ਵਿਦਿਆਰਥਣਾਂ ਨੂੰ ਪਹਿਲਾਂ ਡਾਂਟਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਦੀਆਂ ਕਮੀਜ਼ਾਂ ਉਤਰਵਾ ਦਿੱਤੀਆਂ ਗਈਆਂ। 

ਇੰਨਾ ਹੀ ਨਹੀਂ, ਕਮੀਜ਼ਾਂ ਉਤਰਵਾਉਣ ਤੋਂ ਬਾਅਦ ਦੁਬਾਰਾ ਪਹਿਨਣ ਵੀ ਨਹੀਂ ਦਿੱਤੀਆਂ ਗਈਆਂ। ਵਿਦਿਆਰਥਣਾਂ ਨੂੰ ਸਿਰਫ ਬਲੇਜ਼ਰ ਪਹਿਨਣ ਦਿੱਤਾ ਗਿਆ। ਬਲੇਜ਼ਰ ਪਹਿਨਕੇ ਹੀ ਵਿਦਿਆਰਥਣਾਂ ਆਪਣੇ-ਆਪਣੇ ਘਰ ਗਈਆਂ। ਘਰ ਪਹੁੰਚ ਕੇ ਵਿਦਿਆਰਥਣਾਂ ਨੇ ਪੂਰੀ ਗੱਲ ਆਪਣੇ-ਆਪਣੇ ਮਾਪਿਆਂ ਨੂੰ ਦੱਸੀ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। 

ਡੀਸੀ ਨੂੰ ਕੀਤੀ ਗਈ ਸ਼ਿਕਾਇਤ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਵਿਦਿਆਰਥਣਾਂ ਦੇ ਮਾਪੇ ਗੁੱਸੇ 'ਚ ਆ ਗਏ। ਮਾਪੇ ਸ਼ਨੀਵਾਰ ਨੂੰ ਡੀਸੀ ਦਫਤਰ ਪਹੁੰਚ ਗਏ। ਡੀਸੀ ਤੋਂ ਸਕੂਲ ਦੇ ਪ੍ਰਿੰਸੀਪਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਥੇ ਹੀ ਸਥਾਨਕ ਵਿਧਾਇਕ ਰਾਗਿਨੀ ਸਿੰਘ ਵੀ ਮਾਪਿਆਂ ਦੇ ਨਾਲ ਡੀਸੀ ਦਫਤਰ ਪਹੁੰਚੀ। ਡੀਸੀ ਮਾਧਵੀ ਮਿਸ਼ਰਾ ਨਾਲ ਵਿਦਿਆਰਥਣਾਂ ਦੇ ਮਾਪਿਆਂ ਅਤੇ ਵਿਧਾਇਕ ਰਾਗਿਨੀ ਸਿੰਘ ਦੀ ਗੱਲਬਾਤ ਹੋਈ। ਮਾਪਿਆਂ ਨੇ ਦੱਸਿਆ ਕਿ ਡੀਸੀ ਨੇ ਕਾਰਵਾਈ ਦਾ ਵਿਸ਼ਵਾਸ ਦਿੱਤਾ ਹੈ। ਉਥੇ ਹੀ ਸਥਾਨਕ ਵਿਧਾਇਕ ਰਾਗਿਨੀ ਸਿੰਘ ਨੇ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਅਤੇ ਸ਼ਰਮਨਾਕ ਹੈ। 

ਇਸ ਪੂਰੇ ਮਾਮਲੇ 'ਤੇ ਝਰੀਆ ਦੀ ਵਿਧਾਇਕ ਰਾਗਿਨੀ ਸਿੰਘ ਨੇ ਅਫਸੋਸ ਜ਼ਾਹਿਰ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਕ ਟੀਮ ਗਠਿਤ ਕਰਕੇ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ। 

ਡੀਸੀ ਨੇ ਦਿੱਤਾ ਕਾਰਵਾਈ ਦਾ ਭਰੋਸਾ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਮਾਧਵੀ ਮਿਸ਼ਰਾ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਦੇ ਫਰਮਾਨ ਤੋਂ ਬਾਅਦ ਸਕੂਲੀ ਬੱਚਿਆਂ ਨੂੰ ਆਪਣੀਆਂ ਕਮੀਜ਼ਾਂ ਉਤਾਰ ਕੇ ਬਲੇਜ਼ਰ ਪਾ ਕੇ ਘਰ ਜਾਣਾ ਪਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਇੱਕ ਜਾਂਚ ਕਮੇਟੀ ਬਣਾਈ ਗਈ ਹੈ, ਜਾਂਚ ਕਮੇਟੀ ਵੱਲੋਂ ਜਾਂਚ ਪੂਰੀ ਕਰ ਆਪਣੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਉਥੇ ਹੀ ਵਿਦਿਆਰਥਣਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਇਕ ਤਾਲਿਬਾਨੀ ਫਰਮਾਨ ਹੈ। ਇਹ ਕਿਹੋ ਜਿਹਾ ਅਨੁਸ਼ਾਸਨ ਹੈ ਕਿ ਕੁੜੀਆਂ ਦੀ ਕਮੀਜ਼ ਉਤਰਵਾ ਦਿੱਤੀ ਗਈ। ਇਹ ਘਟਨਾ ਸਾਨੂੰ ਸ਼ਰਮਸਾਰ ਕਰਦੀ ਹੈ। 


author

Rakesh

Content Editor

Related News