ਮੋਦੀ ਲਗਾਤਾਰ 6ਵੀਂ ਵਾਰ ਆਜ਼ਾਦੀ ਦਿਵਸ ''ਤੇ ਦੇਣਗੇ ਭਾਸ਼ਣ

08/14/2019 5:41:50 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਲਗਾਤਾਰ 6ਵੀਂ ਵਾਰ ਆਜ਼ਾਦੀ ਦਿਵਸ 'ਤੇ ਭਾਸ਼ਣ ਦੇਣਗੇ। ਪਰ ਬੰਪਰ ਜਨਾਦੇਸ਼ ਨਾਲ ਸੱਤਾ 'ਚ ਵਾਪਸੀ ਤੋਂ ਬਾਅਦ ਉਨ੍ਹਾਂ ਦਾ ਲਾਲ ਕਿਲੇ ਤੋਂ ਇਹ ਪਹਿਲਾ ਭਾਸ਼ਣ ਹੋਵੇਗਾ। ਆਸ ਕੀਤੀ ਜਾ ਰਹੀ ਹੈ ਕਿ ਜੰਮੂ-ਕਸ਼ਮੀਰ 'ਚ ਕੀਤੇ ਗਏ ਇਤਿਹਾਸਕ ਫੈਸਲੇ ਤੋਂ ਲੈ ਕੇ ਅਰਥਵਿਵਸਥਾ ਦੀ ਸਥਿਤੀ ਤੱਕ ਉਹ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨਗੇ। ਮੋਦੀ ਇਸ ਮੌਕੇ ਦੀ ਵਰਤੋਂ ਉਨ੍ਹਾਂ ਦੀ ਅਗਵਾਈ 'ਚ ਹੋ ਰਹੇ ਵਿਕਾਸ ਨੂੰ ਰੇਖਾਂਕਿਤ ਕਰਨ ਅਤੇ ਆਪਣੀ ਸਰਕਾਰ ਦੇ ਕੰਮਕਾਰ ਦਾ ਲੇਖਾਜੋਖਾ ਵੀ ਪੇਸ਼ ਕਰਨ ਲਈ ਕਰਦੇ ਰਹੇ ਹਨ। ਪਿਛਲੇ ਹਫਤੇ ਰਾਸ਼ਟਰ ਦੇ ਨਾਂ ਦਿੱਤੇ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਘਾਟੀ ਦੇ ਲੋਕਾਂ ਨੂੰ ਵਿਕਾਸ ਅਤੇ ਸ਼ਾਂਤੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜ ਖਤਮ ਕਰ ਕੇ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਦੇ ਫੈਸਲੇ ਤੋਂ ਪੈਦਾ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। 

ਮੋਦੀ ਵੀਰਵਾਰ ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਜ਼ਾਦੀ ਦਿਵਸ 'ਤੇ ਭਾਸ਼ਣ ਦੇਣ ਦੇ ਨਾਲ ਹੀ ਅਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਭਾਜਪਾ ਦੇ ਪਹਿਲੇ ਨੇਤਾ ਸਨ, ਜਿਨ੍ਹਾਂ ਨੇ 1998 ਤੋਂ 2003 ਦਰਮਿਆਨ ਲਗਾਤਾਰ 6 ਵਾਰ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਜ਼ਾਦੀ ਦਿਵਸ 'ਤੇ ਭਾਸ਼ਣ ਦਿੱਤਾ। ਵਿਰੋਧੀ ਭਾਜਪਾ ਨੂੰ ਚੁਣੌਤੀ ਦੇਣ 'ਚ ਅਸਫ਼ਲ ਰਹੇ ਅਤੇ ਮੋਦੀ ਦੀ 2014 ਦੇ ਮੁਕਾਬਲੇ ਹੋਰ ਵਧ ਬਹੁਮਤ ਨਾਲ ਸੱਤਾ 'ਚ ਵਾਪਸੀ ਹੋਈ। ਕਈ ਲੋਕਾਂ ਦਾ ਮੰਨਣਾ ਹੈ ਕਿ ਉਹ ਇਸ ਮੌਕੇ ਸੁਧਾਰ ਜਾਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਰਿਆਇਤ ਦੇਣ ਦਾ ਐਲਾਨ ਕਰ ਸਕਦੇ ਹਨ। ਅਜਿਹਾ ਵੀ ਵਿਚਾਰ ਹੈ ਕਿ ਮੋਦੀ ਆਰਥਿਕ ਮੰਦੀ ਨੂੰ ਲੈ ਕੇ ਜ਼ਾਹਰ ਕੀਤੀ ਜਾ ਰਹੀ ਚਿੰਤਾ 'ਤੇ ਵੀ ਬੋਲਣਗੇ।


DIsha

Content Editor

Related News