PM ਮੋਦੀ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ, ਦੱਸਿਆ ਗ਼ਰੀਬ ਦੀ ਰਸੋਈ ਕਿਉਂ ਹੋ ਰਹੀ ਹੈ ਮਹਿੰਗੀ

Thursday, Dec 16, 2021 - 12:58 PM (IST)

PM ਮੋਦੀ ਨੇ ਕੀਤਾ ਕਿਸਾਨਾਂ ਨੂੰ ਸੰਬੋਧਨ, ਦੱਸਿਆ ਗ਼ਰੀਬ ਦੀ ਰਸੋਈ ਕਿਉਂ ਹੋ ਰਹੀ ਹੈ ਮਹਿੰਗੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਵੀਰਵਾਰ ਨੂੰ ਗੁਜਰਾਤ ’ਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ’ਤੇ ਰਾਸ਼ਟਰੀ ਸਿਖਰ ਸੰਮੇਲਨ ਦੌਰਾਨ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ,‘‘ਖੇਤੀ ਸੈਕਟਰ, ਖੇਤੀ ਕਿਸਾਨੀ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ। ਮੈਂ ਦੇਸ਼ ਭਰ ਦੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਸੀ ਕਿ ਕੁਦਰਤੀ ਖੇਤੀ ਦੇ ਰਾਸ਼ਟਰੀ ਸੰਮੇਲਨ ਨਾਲ ਜ਼ਰੂਰ ਜੁੜੋ। ਅੱਜ ਕਰੀਬ 8 ਕਰੋੜ ਕਿਸਾਨ ਦੇਸ਼ ਦੇ ਹਰ ਕੋਨੇ ਤੋਂ ਤਕਨਾਲੋਜੀ ਦੇ ਮਾਧਿਅਮ ਨਾਲ ਸਾਡੇ ਨਾਲ ਜੁੜੇ ਹੋਏ ਹਨ।’’ ਪੀ.ਐੱਮ. ਮੋਦੀ ਨੇ ਕਿਹਾ,‘‘ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ’ਚ ਜਿਸ ਤਰ੍ਹਾਂ ਦੇਸ਼ ’ਚ ਖੇਤੀ ਹੋਈ, ਜਿਸ ਦਿਸ਼ਾ ’ਚ ਵਧੀ, ਉਹ ਅਸੀਂ ਸਾਰਿਆਂ ਨੇ ਬਹੁਤ ਬਾਰੀਕੀ ਨਾਲ ਦੇਖਿਆ ਹੈ। ਹੁਣ ਆਬਾਦੀ ਦੇ 100ਵੇਂ ਸਾਲ ਤੱਕ ਦਾ ਜੋ ਸਾਡਾ ਸਫ਼ਰ ਹੈ, ਉਹ ਨਵੀਆਂ ਜ਼ਰੂਰਤਾਂ, ਨਵੀਆਂ ਚੁਣੌਤੀਆਂ ਅਨੁਸਾਰ ਆਪਣੀ ਖੇਤੀ ਨੂੰ ਢਾਲਣ ਦਾ ਹੈ।’’ ਉਨ੍ਹਾਂ ਕਿਹਾ,‘‘ਬੀਜ਼ ਤੋਂ ਲੈ ਕੇ ਬਜ਼ਾਰ ਤੱਕ, ਕਿਸਾਨ ਦੀ ਆਮਦਨ ਨੂੰ ਵਧਾਉਣ ਲਈ ਇਕ ਤੋਂ ਬਾਅਦ ਇਕ ਕਈ ਕਦਮ ਚੁੱਕੇ ਗਏ ਹਨ। ਮਿੱਟੀ ਦੀ ਜਾਂਚ ਤੋਂ ਲੈ ਕੇ ਸੈਂਕੜੇ ਨਵੇਂ ਬੀਜ਼ ਤੱਕ, ਪੀ.ਐੱਮ. ਕਿਸਾਨ ਸਨਮਾਨ ਫ਼ੰਡ ਤੋਂ ਲੈ ਕੇ ਲਾਗਤ ਦੇ ਡੇਢ ਗੁਣਾ ਐੱਮ.ਐੱਸ.ਪੀ. ਤੱਕ, ਸਿੰਚਾਈ ਦੇ ਮਜ਼ਬੂਤ ਨੈੱਟਵਰਕ ਤੋਂ ਲੈ ਕੇ ਕਿਸਾਨ ਰੇਲ ਤੱਕ ਕਈ ਕਦਮ ਚੁੱਕੇ ਹਨ।’’ 

 

 

ਖਰਚਾ ਵਧਣ ਕਾਰਨ ਗਰੀਬ ਦੀ ਰਸੋਈ ਵੀ ਹੁੰਦੀ ਹੈ ਮਹਿੰਗੀ
ਉਨ੍ਹਾਂ ਕਿਹਾ,‘‘ਖੇਤੀ ’ਚ ਵਰਤੀ ਜਾਣ ਵਾਲੀ ਕੀਟਨਾਸ਼ਕ ਅਤੇ ਕੈਮੀਕਲ ਫਰਟੀਲਾਈਜ਼ਰ ਸਾਨੂੰ ਵੱਡੀ ਮਾਤਰਾ ’ਚ ਆਯਾਤ ਕਰਨਾ ਪੈਂਦਾ ਹੈ। ਇਸ ਕਾਰਨ ਖੇਤੀ ਦੀ ਲਾਗਤ ਵਧਦੀ ਹੈ, ਖਰਚ ਵਧਦਾ ਹੈ ਅਤੇ ਗਰੀਬ ਦੀ ਰਸੋਈ ਵੀ ਮਹਿੰਗੀ ਹੁੰਦੀ ਹੈ।’’ ਪੀ.ਐੱਮ. ਨੇ ਕਿਹਾ,‘‘ਇਹ ਸਹੀ ਹੈ ਕਿ ਕੈਮੀਕਲ ਅਤੇ ਫਰਟੀਲਾਈਜ਼ਰ ਨੇ ਹਰਿਤ ਕ੍ਰਾਂਤੀ ’ਚ ਅਹਿਮ ਰੋਲ ਨਿਭਾਇਆ ਹੈ ਪਰ ਇਹ ਵੀ ਓਨਾ ਹੀ ਸੱਚਾ ਹੈ ਕਿ ਸਾਨੂੰ ਇਸ ਦੇ ਵਿਕਲਪਾਂ ’ਤੇ ਵੀ ਨਾਲ ਹੀ ਕੰਮ ਕਰਦੇ ਰਹਿਣਾ ਹੋਵੇਗਾ। ਬੀਜ਼ ਤੋਂ ਲੈ ਕੇ ਮਿੱਟੀ ਤੱਕ ਸਭ ਦਾ ਇਲਾਜ ਤੁਸੀਂ ਕੁਦਰਤੀ ਤਰੀਕੇ ਨਾਲ ਕਰ ਸਕਦੇ ਹੋ। ਕੁਦਰਤੀ ਖੇਤੀ ’ਚ ਨਾ ਤਾਂ ਖਾਦ ’ਤੇ ਖਰਚ ਕਰਨਾ ਹੈ ਅਤੇ ਨਾ ਹੀ ਕੀਟਨਾਸ਼ਕ ’ਤੇ। ਇਸ ’ਚ ਸਿੰਚਾਈ ਦੀ ਜ਼ਰੂਰਤ ਵੀ ਘੱਟ ਹੁੰਦੀ ਹੈ ਅਤੇ ਹੜ੍ਹ-ਸੋਕੇ ਨਾਲ ਨਜਿੱਠਣ ’ਚ ਵੀ ਇਹ ਸਮਰੱਥ ਹੁੰਦੀ ਹੈ।’’ 
 

ਸਮੱਸਿਆਵਾਂ ਭਿਆਨਕ ਹੋਣ ਤੋਂ ਪਹਿਲਾਂ ਵੱਡੇ ਕਦਮ ਚੁੱਕਣ ਦਾ ਸਮਾਂ
ਉਨ੍ਹਾਂ ਕਿਹਾ,‘‘ਇਸ ਤੋਂ ਪਹਿਲਾਂ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਵੀ ਭਿਆਨਕ ਹੋ ਜਾਣ, ਉਸ ਤੋਂ ਪਹਿਲਾਂ ਵੱਡੇ ਕਦਮ ਚੁਕਣ ਦਾ ਇਹ ਸਹੀ ਸਮਾਂ ਹੈ। ਸਾਨੂੰ ਆਪਣੀ ਖੇਤੀ ਨੂੰ ਕੈਮਿਸਟ੍ਰੀ ਦੀ ਲੈਬ ਤੋਂ ਕੱਢ ਕੇ ਕੁਦਰਤ ਦੀ ਪ੍ਰਯੋਗਸ਼ਾਲਾ ਨਾਲ ਜੋੜਨਾ ਹੀ ਹੋਵੇਗਾ। ਅੱਜ ਦੁਨੀਆ ਜਿੰਨੀ ਆਧੁਨਿਕ ਹੋ ਰਹੀ ਹੈ, ਓਨਾ ਹੀ ‘back to basic’ ਵੱਲ ਵਧ ਰਹੀ ਹੈ। ਇਸ ‘back to basic’ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ ਆਪਣੀਆਂ ਜੜ੍ਹਾਂ ਨਾਲ ਜੁੜਨਾ! ਇਸ ਗੱਲ ਨੂੰ ਸਾਰੇ ਕਿਸਾਨ ਸਾਥੀਆਂ ਤੋਂ ਬਿਹਤਰ ਕੌਣ ਸਮਝਦਾ ਹੈ? ਅਸੀਂ ਜਿੰਨਾ ਜੜ੍ਹਾਂ ਦੀ ਸਿੰਚਾਈ ਕਰਦੇ ਹਾਂ, ਓਨਾ ਹੀ ਪੌਦੇ ਦਾ ਵਿਕਾਸ ਹੁੰਦਾ ਹੈ। ਭਾਵੇਂ ਘੱਟ ਸਿੰਚਾਈ ਵਾਲੀ ਜ਼ਮੀਨ ਹੋਵੇ ਜਾਂ ਫਿਰ ਵੱਧ ਪਾਣੀ ਵਾਲੀ ਜ਼ਮੀਨ, ਕੁਦਰਤੀ ਖੇਤੀ ਨਾਲ ਕਿਸਾਨ ਸਾਲ ’ਚ ਕਈ ਫ਼ਸਲਾਂ ਲੈ ਸਕਦਾ ਹੈ। ਇਹੀ ਨਹੀਂ, ਜੋ ਕਣਕ, ਚੌਲ, ਦਾਲ ਜਾਂ ਜੋ ਵੀ ਖੇਤ ਤੋਂ ਕੂੜਾ ਨਿਕਲਦਾ ਹੈ, ਜੋ ਪਰਾਲੀ ਨਿਕਲਦੀ ਹੈ, ਉਸ ਦਾ ਵੀ ਇਸ ’ਚ ਸਹੀ ਉਪਯੋਗ ਕੀਤਾ ਜਾਂਦਾ ਹੈ। ਯਾਨੀ ਘੱਟ ਲਾਗਤ ਵੱਧ ਮੁਨਾਫ਼ਾ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News