PMML ਨੇ ਸੋਨੀਆ ਗਾਂਧੀ ਤੋਂ ਮੰਗੇ ਨਹਿਰੂ ਦੇ ਨਿੱਜੀ ਸੰਗ੍ਰਹਿ ਦੇ ਦਸਤਾਵੇਜ਼
Friday, Apr 04, 2025 - 10:19 AM (IST)

ਨਵੀਂ ਦਿੱਲੀ (ਵਿਸ਼ੇਸ਼)- ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ (PMML) ਨੇ ਕਾਂਗਰਸ ਨੇਤਾ ਸੋਨੀਆ ਗਾਂਧੀ ਤੋਂ ਜਵਾਹਰ ਲਾਲ ਨਹਿਰੂ ਦੇ ਨਿੱਜੀ ਸੰਗ੍ਰਹਿ ਦੇ ਦਸਤਾਵੇਜ਼ ਮੰਗੇ ਹਨ। ਇਨ੍ਹਾਂ ਦਸਤਾਵੇਜ਼ਾਂ ਦੇ 51 ਬਕਸੇ ਸੋਨੀਆ ਗਾਂਧੀ ਨੇ 2008 ਵਿਚ ਵਾਪਸ ਲੈ ਲਏ ਸਨ। ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ ਨੇ ਆਪਣੀ ਸਾਲਾਨਾ ਆਮ ਮੀਟਿੰਗ ਤੋਂ ਪਹਿਲਾਂ ਇਹ ਕਦਮ ਚੁੱਕਿਆ ਹੈ। ਇਨ੍ਹਾਂ ਦਸਤਾਵੇਜ਼ਾਂ ’ਤੇ ਮੀਟਿੰਗ ਵਿਚ ਚਰਚਾ ਕੀਤੀ ਜਾ ਸਕਦੀ ਹੈ।
PMML ਮੁਤਾਬਕ ਇਨ੍ਹਾਂ ਦਸਤਾਵੇਜ਼ਾਂ ਤੋਂ ਖੋਜਕਰਤਾਵਾਂ ਨੂੰ ਆਧੁਨਿਕ ਭਾਰਤੀ ਇਤਿਹਾਸ ਨੂੰ ਸਮਝਣ ਵਿਚ ਮਦਦ ਮਿਲੇਗੀ। ਇਸ ਦੌਰਾਨ ਸੋਨੀਆ ਦੇ ਦਫ਼ਤਰ ਨੇ ਅਜੇ ਤੱਕ PMML ਦੇ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ। PMML ਨੇ ਦੇਸ਼ ਦੇ ਹੋਰ ਪ੍ਰਧਾਨ ਮੰਤਰੀਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਕਾਰਜਕਾਲ ਨਾਲ ਸਬੰਧਤ ਦਸਤਾਵੇਜ਼ ਦਾਨ ਕਰਨ ਦੀ ਅਪੀਲ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ PMML ਵੱਲੋਂ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਨਹਿਰੂ ਦੇ ਨਿੱਜੀ ਸੰਗ੍ਰਹਿ ਤੱਕ ਪਹੁੰਚ ਦੀ ਮੰਗ ਕੀਤੀ ਗਈ ਹੈ। ਤਤਕਾਲੀ PMML ਸੋਸਾਇਟੀ ਨੇ ਫਰਵਰੀ 2024 ਵਿਚ ਆਪਣੀ ਪਿਛਲੀ ਸਾਲਾਨਾ ਆਮ ਮੀਟਿੰਗ ਵਿਚ ਸੋਨੀਆ ਗਾਂਧੀ ਕੋਲ ਮੌਜੂਦ ਦਸਤਾਵੇਜ਼ਾਂ ਨੂੰ ਲੈ ਕੇ ਚਰਚਾ ਕੀਤੀ ਸੀ।
ਪਰ ਇਹ ਪਹਿਲੀ ਵਾਰ ਹੈ ਜਦੋਂ PMML ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਇਸ ਮੁੱਦੇ ਨੂੰ ਉਠਾਇਆ ਹੈ। ਪੀ. ਐੱਮ. ਐੱਮ. ਐੱਲ. ਨੇ ਕਾਂਗਰਸ ਨੇਤਾ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਹ ਖੋਜਕਰਤਾਵਾਂ ਲਈ ਦਸਤਾਵੇਜ਼ ਤੱਕ ਪਹੁੰਚ ਚਾਹੁੰਦਾ ਹੈ। ਅਜਾਇਬ ਘਰ ਦੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਨਹਿਰੂ ਨਾਲ ਸਬੰਧਤ ਹੋਰ ਮਹੱਤਵਪੂਰਨ ਪੱਤਰ ਵਿਹਾਰ ਦਾਨ ਕਰਨ ਦੀ ਅਪੀਲ ਕੀਤੀ ਹੈ। ਇਹ ਦਸਤਾਵੇਜ਼ ਇੰਦਰਾ ਗਾਂਧੀ ਨੇ 1971 ਵਿਚ ਸੰਗਠਨ ਨੂੰ ਦਾਨ ਕੀਤੇ ਸਨ।