ਪ੍ਰਧਾਨ ਮੰਤਰੀ ਮੋਦੀ ਕਰਮਯੋਗੀ ਤੇ ਜਨਤਾ ਦੇ ਨੇਤਾ ਹਨ

Thursday, Oct 07, 2021 - 11:02 AM (IST)

ਪ੍ਰਧਾਨ ਮੰਤਰੀ ਮੋਦੀ ਕਰਮਯੋਗੀ ਤੇ ਜਨਤਾ ਦੇ ਨੇਤਾ ਹਨ

ਅੱਜ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਅਹੁਦੇ ’ਤੇ ਰਹਿੰਦੇ ਹੋਏ 20 ਸਾਲ ਪੂਰੇ ਹੋ ਰਹੇ ਹਨ। ਅੱਜ ਦੇ ਹੀ ਦਿਨ 7 ਅਕਤੂਬਰ, 2001 ਨੂੰ ਉਨ੍ਹਾਂ ਨੇ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਸ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੁੱਖ ਸੇਵਕ ਦੇ ਰੂਪ ’ਚ 20 ਸਾਲਾਂ ਦੀ ਉਨ੍ਹਾਂ ਦੀ ਮਾਣਮੱਤੀ ਲੋਕ ਸੇਵਾ ਦੀ ਯਾਤਰਾ ਨਿਰਾਸ਼ਾ ਦੇ ਮਾਹੌਲ ’ਚੋਂ ਦੇਸ਼ ਨੂੰ ਕੱਢ ਕੇ ਵਿਸ਼ਵ ਗੁਰੂ ਦੇ ਅਹੁਦੇ ਵੱਲ ਵਧਾਉਣ ਦੀ ਰਹੀ ਹੈ। ਉਨ੍ਹਾਂ ਨੇ ਇਕ ਕਰਮਯੋਗੀ ਦੇ ਰੂਪ ’ਚ ਦੇਸ਼ ਦੇ ਜਨ-ਜਨ ਨੂੰ ‘ਨਿਊ ਇੰਡੀਆ’ ਦੇ ਵਿਜ਼ਨ ਨੂੰ ਸਾਕਾਰ ਕਰਨ ਦਾ ਆਤਮਵਿਸ਼ਵਾਸ ਦਿੱਤਾ ਹੈ।

ਭੁਜ ’ਚ ਆਈ ਭਿਆਨਕ ਆਫਤ ਤੋਂ ਪੈਦਾ ਹੋਈ ਭੈੜੀ ਹਾਲਤ ’ਚ ਗੁਜਰਾਤ ਦੀ ਜ਼ਿੰਮੇਵਾਰੀ ਲੈਂਦੇ ਹੋਏ ਨਰਿੰਦਰ ਮੋਦੀ ਨੇ ਸੂਬੇ ਦੀਆਂ ਲਗਾਤਾਰ 3 ਸਰਕਾਰਾਂ ਦੀ ਅਗਵਾਈ ਕੀਤੀ ਅਤੇ ਕੇਂਦਰ ’ਚ ਕਾਂਗਰਸ ਦੇ ਗਲਬੇ ਨੂੰ ਚੁਣੌਤੀ ਦੇਣ ਲਈ ਭਾਜਪਾ ਨੂੰ ਜਨਤਾ ਲਈ ਮਜ਼ਬੂਤ ਬਦਲ ਦੇ ਰੂਪ ’ਚ ਸਥਾਪਿਤ ਕੀਤਾ। ਉਨ੍ਹਾਂ ਨੇ ਸੰਕਲਪ, ਸਮਰਪਣ ਅਤੇ ਸੇਵਾ ਦੇ ਮਾਰਗ ਨੂੰ ਆਪਣੀ ਜ਼ਿੰਦਗੀ ਦਾ ਮੂਲ ਮੰਤਰ ਦੱਸਦੇ ਹੋਏ ਗਰੀਬਾਂ ਦੀ ਭਲਾਈ ਅਤੇ ਰਾਸ਼ਟਰ ਦੀ ਖੁਸ਼ਹਾਲੀ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਨਾ ਸਿਰਫ ਦੇਸ਼ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ’ਚ ਖੜ੍ਹਾ ਕੀਤਾ ਸਗੋਂ ਇਕ ਸੰਗਠਨ ਦੇ ਰੂਪ ’ਚ ਭਾਜਪਾ ਨੂੰ ਵੀ ਇਕ ਸਿਆਸੀ ਪਾਰਟੀ ਤੋਂ ‘ਸੇਵਾ ਹੀ ਸੰਗਠਨ’ ਦੇ ਰੂਪ ’ਚ ਸਥਾਪਿਤ ਕਰਦੇ ਹੋਏ ਕੌਮਾਂਤਰੀ ਪ੍ਰਸਿੱਧੀ ਦਿਵਾਈ।

ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਵਿਕਾਸ ਦਾ ਇਕ ਨਵਾਂ ਮਾਡਲ ਪੇਸ਼ ਕੀਤਾ ਹੈ ਜੋ ਸੁਨਹਿਰੀ ਵਿਕਾਸ ਦੇ ਮੁੱਢਲੇ ਸਿਧਾਂਤ ’ਤੇ ਆਧਾਰਿਤ ਸੀ। ਭੁਜ ’ਚ ਤਬਾਹਕੁੰਨ ਭੂਚਾਲ ਦੇ ਬਾਅਦ ਗੁਜਰਾਤ ਨੂੰ ਮੁੜ ਤੋਂ ਖੜ੍ਹਾ ਕਰਨਾ ਹੋਵੇ, ਵਾਈਬ੍ਰੈਂਟ ਗੁਜਰਾਤ ਰਾਹੀਂ ਗੁਜਰਾਤ ਨੂੰ ਨਿਵੇਸ਼ ਦੇ ਇਕ ਡੈਸਟੀਨੇਸ਼ਨ ਦੇ ਰੂਪ ’ਚ ਸਥਾਪਿਤ ਕਰਨਾ ਹੋਵੇ, ਬਿਜਲੀ ਉਤਪਾਦਨ ’ਚ ਗੁਜਰਾਤ ਨੂੰ ਆਤਮਨਿਰਭਰ ਬਣਾਉਣਾ ਹੋਵੇ-ਉਨ੍ਹਾਂ ਨੇ ਵਿਕਾਸ ਦੇ ਹਰ ਦਿਸਹੱਦੇ ਨੂੰ ਛੂੰਹਦੇ ਹੋਏ ਉਸ ਨੂੰ ਇਕ ਨਵੀਂ ਬੁਲੰਦੀ ਦਿੱਤੀ। ਬੇਟੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਜਿੱਥੇ 2004 ’ਚ ਹੀ ਕੰਨਿਆ ਕੇਲਵਣੀ ਯੋਜਨਾ ਅਤੇ ਸ਼ਾਲਾ ਪ੍ਰਵੇਸ਼ੋਤਸਵ ਪ੍ਰੋਗਰਾਮ ਸ਼ੁਰੂ ਕੀਤਾ ਤਾਂ 2005 ’ਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਨੀਂਹ ਰੱਖੀ ਜੋ ਅੱਗੇ ਚੱਲ ਕੇ ਦੇਸ਼ ’ਚ ਮਾਤਰਸ਼ਕਤੀ ਦੇ ਸਸ਼ਕਤੀਕਰਨ ਦੀ ਸਭ ਤੋਂ ਵੱਡੀ ਮੁਹਿੰਮ ਬਣੀ।ਗ੍ਰਾਮ ਵਿਕਾਸ ਨੂੰ ਗੁਜਰਾਤ ਮਾਡਲ ਦੀ ਨੀਂਹ ਬਣਾਉਂਦੇ ਹੋਏ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਜੋਤੀ ਗ੍ਰਾਮ ਯੋਜਨਾ ਦਾ ਤੋਹਫਾ ਦਿੱਤਾ ਤੇ ਈ-ਗ੍ਰਾਮ ਵਿਸ਼ਵ ਗ੍ਰਾਮ ਦੀ ਯੋਜਨਾ ਨਾਲ ਪਿੰਡਾਂ ਦੇ ਆਧੁਨਿਕੀਕਰਨ ਦੀ ਸ਼ੁਰੂਆਤ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਉਨ੍ਹਾਂ ਨੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਸੰਭਾਲ ਦੀ ਮੁਹਿੰਮ ਇਸ ਤਰ੍ਹਾਂ ਚਲਾਈ ਕਿ ਗੁਜਰਾਤ ’ਚ ਨਾ ਸਿਰਫ ਸੋਕੇ ਦੀ ਸਮੱਸਿਆ ਖਤਮ ਹੋਈ ਸਗੋਂ ਹਰ ਖੇਤ ਤੱਕ ਸਿੰਚਾਈ ਦਾ ਪ੍ਰਬੰਧ ਪਹੁੰਚਿਆ।

2014 ’ਚ ਜਦੋਂ ਕਾਂਗਰਸ ਦੀ ਯੂ. ਪੀ. ਏ. ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ, ਭ੍ਰਿਸ਼ਟਾਚਾਰ ਅਤੇ ਅਰਾਜਕਤਾ ਤੋਂ ਪ੍ਰੇਸ਼ਾਨ ਹੋ ਕੇ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਦੇ ਰੂਪ ’ਚ ਆਪਣੀਆਂ ਇੱਛਾਵਾਂ ਨੂੰ ਉਡਾਣ ਦੇਣ ਲਈ ਆਪਣਾ ਭਵਿੱਖ ਚੁਣਿਆ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਹੀਂ ਸਗੋਂ ਮੁੱਖ ਸੇਵਕ ਬਣਨ ਦਾ ਸੰਕਲਪ ਲਿਆ ਅਤੇ ਲੋਕਾਂ ਦੀ ਸੇਵਾ ’ਚ ਲੱਗੇ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਉਨ੍ਹਾਂ ਨੇ ਗਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਨੂੰ ਆਪਣਾ ਮਕਸਦ ਬਣਾ ਲਿਆ।ਪ੍ਰਧਾਨ ਮੰਤਰੀ ਮੋਦੀ ਜਨਤਾ ਦੇ ਨੇਤਾ ਹਨ। ਗੁਜਰਾਤ ’ਚ ਮੁੱਖ ਮੰਤਰੀ ਰਹਿਣ ਦੇ ਦੌਰਾਨ ਵੀ ਉਹ ਕਦੀ ਵੀ ਜਨਤਾ ਦੇ ਦਰਮਿਆਨ ਪਹੁੰਚ ਜਾਂਦੇ ਸਨ। ਕੁਦਰਤੀ ਆਫਤ ਹੋਣ ’ਤੇ ਖੁਦ ਸੜਕਾਂ ’ਤੇ ਅਧਿਕਾਰੀਆਂ ਦੇ ਨਾਲ ਹਾਲਾਤ ਦਾ ਜਾਇਜ਼ਾ ਲੈਣ ਨਿਕਲ ਪੈਂਦੇ।ਅੱਜ ਭਾਰਤ ਆਪਣੇ ਮੁੱਖ ਸੇਵਕ ਨਰਿੰਦਰ ਮੋਦੀ ਦੀ ਅਗਵਾਈ ’ਚ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਨਾਲ-ਨਾਲ ਹਰ ਮੋਰਚੇ ’ਤੇ ਆਸਵੰਦ ਮਹਿਸੂਸ ਕਰਦਾ ਹੈ। ਜਨ-ਧਨ, ਜਨ ਸੁਰੱਖਿਆ ਯੋਜਨਾ, ਮੁਦਰਾ ਯੋਜਨਾ, ਡਿਜੀਟਲ ਇੰਡੀਆ, ਉੱਜਵਲਾ ਯੋਜਨਾ, ਉਜਾਲਾ ਯੋਜਨਾ, ਮੁਦਰਾ ਯੋਜਨਾ, ਕਿਸਾਨ ਨਿਧੀ, ਆਯੁਸ਼ਮਾਨ ਭਾਰਤ, ਸੌਭਾਗਯ ਯੋਜਨਾ, ਆਵਾਸ ਯੋਜਨਾ, ਆਤਮਨਿਰਭਰ ਭਾਰਤ, ਵੋਕਲ ਫਾਰ ਲੋਕਲ ਵਰਗੀਆਂ ਪਤਾ ਨਹੀਂ ਕਿੰਨੀਆਂ ਯੋਜਨਾਵਾਂ ਸਾਡੇ ਪ੍ਰਧਾਨ ਮੰਤਰੀ ਨੇ ਲਾਂਚ ਕੀਤੀਆਂ, ਜੋ ਸਮਾਜ ਦੇ ਸਾਰੇ ਵਰਗਾਂ ਨੂੰ ਵਿੱਤੀ ਸਮਾਵੇਸ਼ਨ ਦੀ ਗਾਰੰਟੀ ਦੇਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ।

ਉਨ੍ਹਾਂ ਨੇ ਦੇਸ਼ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਵੱਲ ਵਧਦੇ ਹੋਏ ਵਿਰਾਸਤ ’ਚ ਮਿਲੇ ਸਦੀਆਂ ਪੁਰਾਣੇ ਵਿਵਾਦਾਂ ਦਾ ਸ਼ਾਂਤੀਪੂਰਨ ਨਿਪਟਾਰਾ ਕੀਤਾ, ਜਿਸ ਦੀ ਆਸ ਕਿਸੇ ਨੂੰ ਵੀ ਨਹੀਂ ਸੀ। ਧਾਰਾ 370 ਦਾ ਖਾਤਮਾ, ਤਿੰਨ ਤਲਾਕ ਦਾ ਖਾਤਮਾ, ਅਯੁੱਧਿਆ ’ਚ ਸ਼੍ਰੀ ਰਾਮ ਜਨਮ ਭੂਮੀ ’ਤੇ ਵਿਸ਼ਾਲ ਮੰਦਰ ਭੂਮੀ ਪੂਜਨ, ਓ. ਬੀ. ਸੀ. ਕਮਿਸ਼ਨ ਨੂੰ ਸੰਵਿਧਾਨਕ ਮਾਨਤਾ, ਨਾਗਰਿਕਤਾ ਸੋਧ ਕਾਨੂੰਨ, ਸਮਾਨ ਵਰਗ ਦੇ ਗਰੀਬਾਂ ਨੂੰ 10 ਫੀਸਦੀ ਰਾਖਵਾਂਕਰਨ, ਜੀ. ਐੱਸ. ਟੀ.- ਇਹ ਸਾਰੇ ਫੈਸਲੇ ਆਉਣ ਵਾਲੇ ਸਮੇਂ ’ਚ ਦੇਸ਼ ਦੀ ਮਾਣਮੱਤੀ ਗਾਥਾ ਲਈ ਨੀਂਹ ਦਾ ਨਿਰਮਾਣ ਹਨ।

ਅੱਤਵਾਦ ਦੇ ਵਿਰੁੱਧ ਫੈਸਲਾਕੁੰਨ ਵਾਰ ਨਾਲ ਉਨ੍ਹਾਂ ਨੇ ਦੁਨੀਆ ’ਚ ਭਾਰਤ ਦੀ ਪ੍ਰਭੂਸੱਤਾ ਦੀ ਅਥਾਹ ਸਮਰੱਥਾ ਦਾ ਡੰਕਾ ਵਜਾਇਆ ਅਤੇ ਕੌਮਾਂਤਰੀ ਸਬੰਧਾਂ ’ਚ ਭਾਰਤ ਦੀ ਮਹਾਨ ਸੱਭਿਆਚਾਰਕ ਵਿਰਾਸਤ ਨੂੰ ਲੜੀ ਬਣਾਉਂਦੇ ਹੋਏ ਉੱਤਰ ਤੋਂ ਲੈ ਕੇ ਦੱਖਣ ਅਤੇ ਪੂਰਬ ਤੋਂ ਲੈ ਕੇ ਪੱਛਮ ਤੱਕ ਸਮੁੱਚੇ ਭਾਰਤ ਨੂੰ ਇਕ ਸੂਤਰ ’ਚ ਪਰੋਇਆ। ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਹੈਰਾਨਗੀ ਦੀ ਦਲਦਲ ’ਚੋਂ ਕੱਢ ਕੇ ਫੈਸਲਾਕੁੰਨ ਨੀਤੀ ਦੇ ਮੇਜ਼ ’ਤੇ ਸੁਸ਼ੋਭਿਤ ਕੀਤਾ। ਭਾਰਤ ਦੇ ਮਹਾਨ ਸੱਭਿਆਚਾਰ ਰਾਹੀਂ ਵਿਸ਼ਵ ਨੂੰ ਦਿੱਤੇ ਗਏ ਕਈ ਬਹੁਮੁੱਲੇ ਖਜ਼ਾਨਿਆਂ ਅਤੇ ਵਿਰਾਸਤਾਂ ’ਚੋਂ ਇਕ ਯੋਗ ਨੂੰ ਵਿਸ਼ਵ ਦੀ ਮਨੁੱਖੀ ਜ਼ਿੰਦਗੀ ਦਾ ਇਕ ਅਨਿੱਖੜਵਾਂ ਹਿੱਸਾ ਬਣਾਇਆ।ਕੋਰੋਨਾ ਪ੍ਰਬੰਧਨ ਦੇ ਬਾਰੇ ’ਚ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਇਹ ਕਲਪਨਾ ਬੜੀ ਔਖੀ ਹੈ ਕਿ ਜੇਕਰ ਸਮੇਂ ’ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਲਾਕਡਾਊਨ, ਵੈਕਸੀਨ, ਵੈਕਸੀਨੇਸ਼ਨ, ਗਰੀਬ ਭਲਾਈ ਯੋਜਨਾ, ਗਰੀਬ ਭਲਾਈ ਅੰਨ ਯੋਜਨਾ, ਗਰੀਬ ਭਲਾਈ ਰੋਜ਼ਗਾਰ ਯੋਜਨਾ, ਆਤਮਨਿਰਭਰ ਭਾਰਤ ਮੁਹਿੰਮ ਵਰਗੇ ਦਲੇਰੀ ਭਰੇ ਅਤੇ ਵੱਡੇ ਫੈਸਲੇ ਨਾ ਲਏ ਹੁੰਦੇ ਤਾਂ ਕੀ ਹਾਲਤ ਹੁੰਦੀ। ਜਿਸ ਵੈਕਸੀਨੇਸ਼ਨ ਪ੍ਰੋਗਰਾਮ ਦਾ ਵਿਰੋਧੀ ਧਿਰ ਨੇ ਮਜ਼ਾਕ ਉਡਾਇਆ, ਅੱਜ ਉਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਮੁਹਿੰਮ ਹੈ। ਅੱਜ ਭਾਰਤ ਨੇ 93 ਕਰੋੜ ਵੈਕਸੀਨੇਸ਼ਨ ਦਾ ਅੰਕੜਾ ਪਾਰ ਕਰ ਲਿਆ ਹੈ।

ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਨਰਿੰਦਰ ਮੋਦੀ ਵਰਗੇ ਮੁੱਖ ਸੇਵਕ ਹਨ ਜੋ ਵੱਖ-ਵੱਖ ਇਤਿਹਾਸਕ ਯੋਜਨਾਵਾਂ ਅਤੇ ਕਾਰਜਾਂ ਨਾਲ ਦੇਸ਼ ਦੇ ਲੋਕਾਂ ਦਾ ਸਸ਼ਕਤੀਕਰਨ ਕਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ’ਚ ਇਕ ਹਾਂਪੱਖੀ ਤਬਦੀਲੀ ਲਿਆ ਰਹੇ ਹਨ। ਸਤਿਕਾਰਯੋਗ ਮੋਦੀ ਜੀ ਨੂੰ ਪ੍ਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ਤਾਂ ਕਿ ਉਹ ਇਸੇ ਤਰ੍ਹਾਂ ਆਪਣੇ ਸੰਕਲਪ ਮਾਰਗ ’ਤੇ ਅੱਗੇ ਵਧਦੇ ਰਹਿਣ ਅਤੇ ਜਨ-ਜਨ ਦੀ ਭਲਾਈ ਪ੍ਰਤੀ ਆਪਣੇ ਟੀਚੇ ’ਤੇ ਸਮਰਪਿਤ ਭਾਵ ਨਾਲ ਕਾਰਜ ਕਰਦੇ ਰਹਿਣ।


author

Shyna

Content Editor

Related News