ਯੂਕ੍ਰੇਨ ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
Tuesday, Mar 01, 2022 - 11:42 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਯੂਕ੍ਰੇਨ ਅਤੇ ਰੂਸ ਵਿਚਾਲੇ ਜਾਰੀ ਜੰਗ ਨਾਲ ਪੈਦਾ ਹੋਈ ਗਲੋਬਲ ਸਥਿਤੀ ਨਾਲ ਹੀ ਯੂਕ੍ਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਪੂਰੀ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ,''ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯੂਕ੍ਰੇਨ ਸਮੇਤ ਵੱਖ-ਵੱਖ ਮੁੱਦਿਆਂ 'ਤੇ ਜਾਣਕਾਰੀ ਦਿੱਤੀ।'' ਦੱਸਣਯੋਗ ਹੈ ਕਿ ਯੂਕ੍ਰੇਨ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ 'ਆਪਰੇਸ਼ਨ ਗੰਗਾ' ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੀ ਟਰੇਨ ’ਤੇ ਅਚਾਨਕ ਚੜ੍ਹੇ ਸਿੱਖ ਨੌਜਵਾਨ, ਫਿਰ ਵੰਡਿਆ ਜਾਣ ਲੱਗਾ ਲੰਗਰ
ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਯੂਕ੍ਰੇਨ 'ਚ ਸਾਰੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਪੂਰਾ ਸਰਕਾਰੀ ਤੰਤਰ 24 ਘੰਟੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਗੁਆਂਢੀ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਲੋਕਾਂ ਦੀ ਵੀ ਮਦਦ ਕਰੇਗਾ, ਜੋ ਪੂਰਬੀ ਯੂਰਪ ਦੇ ਜੰਗ ਪ੍ਰਭਾਵਿਤ ਦੇਸ਼ 'ਚ ਫਸੇ ਹਨ। ਦੱਸਣਯੋਗ ਹੈ ਕਿ 24 ਫਰਵਰੀ ਨੂੰ ਰੂਸ ਵਲੋਂ ਹਮਲਾ ਕਰਨ ਤੋਂ ਬਾਅਦ ਯੂਕ੍ਰੇਨ ਦਾ ਹਵਾ ਖੇਤਰ ਬੰਦ ਹੋਣ ਕਾਰਨ ਭਾਰਤ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਨਾਲ ਲੱਗੀ ਉਸ ਦੀਆਂ (ਯੂਕ੍ਰੇਨ ਦੀਆਂ) ਸਰਹੱਦ ਚੌਕੀਆਂ ਰਾਹੀਂ ਉੱਥੋਂ ਬਾਹਰ ਕੱਢ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚਾਰ ਕੇਂਦਰੀ ਮੰਤਰੀਆਂ ਨੂੰ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ 'ਚ ਪਹੁੰਚ ਕੇ ਭਾਰਤੀਆਂ ਨੂੰ ਸੁਰੱਖਿਅਤ ਸੁਗਮ ਤਰੀਕੇ ਨਾਲ ਕੱਢਣ 'ਚ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਦੇ ਅਧੀਨ, ਕੇਂਦਰੀ ਮੰਤਰੀ ਵੀ.ਕੇ. ਸਿੰਘ ਪੋਲੈਂਡ 'ਚ, ਕਿਰੇਨ ਰਿਜਿਜੂ ਸਲੋਵਾਕੀਆ 'ਚ, ਹਰਦੀਪ ਪੁਰੀ ਹੰਗਰੀ 'ਚ ਜਦੋਂ ਕਿ ਜਿਓਤਿਰਾਦਿਤਿਆ ਸਿੰਧੀਆ ਰੋਮਾਨੀਆ ਅਤੇ ਮਾਲਡੋਵਾ 'ਚ ਤਾਲਮੇਲ ਕਰਨਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ