ਜੰਮੂ-ਕਸ਼ਮੀਰ ਦੇ ਇਸ ਜ਼ਿਲ੍ਹੇ 'ਚ ਬਣ ਰਿਹਾ 'ਸਿਹਤ ਕੇਂਦਰ', 25 ਹਜ਼ਾਰ ਲੋਕਾਂ ਮਿਲੇਗਾ ਫ਼ਾਇਦਾ
Monday, Sep 14, 2020 - 02:29 PM (IST)
ਸ਼ੋਪੀਆਂ— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਕੇਲਾਰ ਬਲਾਕ ਦੇ ਗਾਟੀਪੋਰਾ ਦੇ ਸਥਾਨਕ ਪਿੰਡ ਵਾਸੀਆਂ 'ਚ ਖੁਸ਼ੀ ਦੀ ਲਹਿਰ ਹੈ। ਖੁਸ਼ੀ ਹੋਵੇ ਵੀ ਕਿਉਂ ਨਾ ਕਿਉਂਕਿ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈੱਸ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਜੋ ਹੋ ਰਹੀ ਹੈ, ਜੋ ਕਿ ਛੇਤੀ ਹੀ ਮੁਕੰਮਲ ਹੋ ਜਾਵੇਗੀ। ਇਕ ਵਾਰ ਜਦੋਂ ਹੈਲਥ ਸੈਂਟਰ ਪੂਰਾ ਹੋ ਗਿਆ ਤਾਂ ਖੇਤਰ ਦੇ 24 ਪਿੰਡਾਂ 'ਚ ਰਹਿਣ ਵਾਲੇ ਲੱਗਭਗ 25,000 ਲੋਕਾਂ ਨੂੰ ਫਾਇਦਾ ਹੋਵੇਗਾ। ਸਥਾਨਕ ਪਿੰਡ ਵਾਸੀਆਂ ਨੇ ਖੁਸ਼ੀ ਜਤਾਈ ਹੈ। ਇਕ ਸਥਾਨਕ ਪਿੰਡ ਵਾਸੀ ਫੈਜ਼-ਉਲ-ਜਮਾ ਨੇ ਕਿਹਾ ਕਿ ਅਸੀਂ ਸਰਕਾਰ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਹੈਲਥ ਸੈਂਟਰ ਦਾ ਨਿਰਮਾਣ ਸਮੇਂ ਸਿਰ ਸ਼ੁਰੂ ਕਰ ਦਿੱਤਾ ਹੈ। ਇੱਥੋਂ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣਗੀਆਂ।
ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ 'ਚ ਸ਼ੋਪੀਆਂ ਜ਼ਿਲ੍ਹੇ ਦੇ ਕਲਾਰ ਬਲਾਕ ਨੂੰ ਅੱਤਵਾਦ ਦਾ ਗੜ੍ਹ ਮੰਨਿਆ ਜਾਂਦਾ ਹੈ। ਇੱਥੇ ਇਕ ਹਫ਼ਤੇ ਦੇ ਅੰਦਰ ਘੱਟੋ-ਘੱਟ ਇਕ ਮੁਕਾਬਲਾ ਜ਼ਰੂਰ ਹੁੰਦਾ ਹੈ। ਗਾਟੀਪੋਰਾ ਨੂੰ ਸ਼ੋਪੀਆਂ ਜ਼ਿਲ੍ਹੇ ਦਾ ਇਕ ਪਛੜਿਆ ਖੇਤਰ ਮੰਨਿਆ ਜਾਂਦਾ ਹੈ। ਇਕ ਹੋਰ ਵਾਸੀ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਸਮੇਂ ਸਿਰ ਇਲਾਜ ਅਤੇ ਦਵਾਈ ਮਿਲ ਸਕੇਗੀ। ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ। ਅਸੀਂ ਸੱਚਮੁੱਚ ਹੀ ਬਹੁਤ ਖੁਸ਼ ਹਾਂ। ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਪਹਿਲਾਂ ਇੱਥੇ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਵਸਨੀਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮਰੀਜ਼ਾਂ ਨੂੰ ਜਾਂ ਤਾਂ ਜ਼ਿਲ੍ਹਾ ਹਸਪਤਾਲ ਸ਼ੋਪੀਆਂ ਜਾਂ ਸ਼੍ਰੀਨਗਰ ਲਿਜਾਉਣਾ ਪੈਂਦਾ ਹੈ। ਇਸ ਹੈਲਥ ਸੈਂਟਰ ਦੇ ਬਣ ਜਾਣ ਨਾਲ ਉਨ੍ਹਾਂ ਦੀ ਵੱਡੀ ਸਮੱਸਿਆ ਦੂਰ ਹੋ ਜਾਵੇਗੀ। ਦੱਸਣਯੋਗ ਹੈ ਕਿ ਸ਼ੋਪੀਆਂ ਦੇ ਗਾਟੀਪੋਰਾ 'ਚ ਹੈਲਥ ਸੈਂਟਰ ਦਾ ਕੰਮ 2013 ਵਿਚ ਸ਼ੁਰੂ ਹੋਇਆ ਸੀ। ਲੱਗਭਗ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਨਵੇਂ ਹੈਲਥ ਸੈਂਟਰ ਨਾਲ ਖੇਤਰ ਦੇ ਵੱਖ-ਵੱਖ ਪਿੰਡਾਂ 'ਚ ਰਹਿੰਦੇ ਲੋਕਾਂ ਨੂੰ ਫਾਇਦਾ ਮਿਲੇਗਾ।