ਵਿਰੋਧੀਆਂ ਨੇ ਦਿੱਲੀ ਕਮੇਟੀ ਦੇ ਇਤਿਹਾਸ ਨੂੰ ਕਲੰਕਿਤ ਕਰਨ 'ਚ ਨਹੀਂ ਛੱਡੀ ਕੋਈ ਕਸਰ : ਹਰਮੀਤ ਕਾਲਕਾ

Sunday, Jan 23, 2022 - 03:32 PM (IST)

ਵਿਰੋਧੀਆਂ ਨੇ ਦਿੱਲੀ ਕਮੇਟੀ ਦੇ ਇਤਿਹਾਸ ਨੂੰ ਕਲੰਕਿਤ ਕਰਨ 'ਚ ਨਹੀਂ ਛੱਡੀ ਕੋਈ ਕਸਰ : ਹਰਮੀਤ ਕਾਲਕਾ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਨੀਵਾਰ ਨੂੰ ਅੰਤਰਿਮ ਬੋਰਡ ਦੇ ਚੋਣ ਦੌਰਾਨ ਜਨਰਲ ਹਾਊਸ 'ਚ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੇ ਵਿਰੋਧੀ ਧਿਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ 'ਚ ਹੰਗਾਮਾ ਕਰ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਸ਼ਿਕਾਇਤ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕੀਤੀ ਹੈ ਅਤੇ ਮਾਮਲੇ ਦੀ ਪੂਰੀ ਵੀਡੀਓ ਰਿਕਾਰਡਿੰਗ ਮੰਗਵਾ ਕੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੱਲ ਵਿਰੋਧੀ ਧਰ ਨੇ ਚੋਣ ਪ੍ਰਕਿਰਿਆ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਪੋਲਿੰਗ ਬੂਥ ਅਤੇ ਬੈਲੇਟ ਪੇਪਰ ਸਮੇਤ ਪੂਰੇ ਸਾਮਾਨ 'ਤੇ ਕਬਜ਼ਾ ਕਰ ਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੰਗਾਮਾ ਕਰ ਕੇ ਮਰਿਆਦਾ ਭੰਗ ਕੀਤੀ, ਜਿਸ ਕਾਰਨ ਪੂਰੀ ਕੌਮ ਸ਼ਰਮਸਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅੱਜ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓ ਮੰਗਵਾ ਕੇ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਵੀ ਦੋਸ਼ੀ ਹੋਵੇ, ਉਸ ਨੂੰ ਅਕਾਲ ਤਖਤ ਸਾਹਿਬ 'ਤੇ ਸਜ਼ਾ ਦਿੱਤੀ ਜਾਵੇ, ਕਿਉਂਕਿ ਪੂਰਾ ਸੱਚ ਸੰਗਤ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ : ਸਾਰਾ ਦਿਨ ਹੰਗਾਮਾ, ਅੱਧੀ ਰਾਤ ਨੂੰ ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ

ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਦੇ ਨਾਪਾਕ ਗਠਜੋੜ ਨੂੰ ਪਹਿਲਾਂ ਆਮ ਚੋਣਾਂ 'ਚ ਸੰਗਤ ਨੇ ਹਰਾਇਆ ਅਤੇ ਫਿਰ ਮੈਂਬਰਾਂ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਇਸ ਤੋਂ ਨਿਰਾਸ਼ ਹੋ ਕੇ ਉਹ ਪਹਿਲਾਂ ਹੀ ਚੋਣਾਂ 'ਚ ਅੜਿੱਕਾ ਪਾਉਣ ਦੇ ਇਰਾਦੇ ਨਾਲ ਆਏ ਸਨ, ਕਿਉਂਕਿ ਉਹ ਪਿਛਲੇ ਸਮੇਂ 'ਚ ਅਦਾਲਤਾਂ ਰਾਹੀਂ ਚੋਣਾਂ ਲਟਕਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਡੇ ਸੀਨੀਅਰ ਮੈਂਬਰ ਸ. ਸੁਖਬੀਰ ਸਿੰਘ ਕਾਲੜਾ ਨੇ ਐਨਕਾਂ ਨਹੀਂ ਲਗਾਈਆਂ ਸਨ ਕੀਤੀਆਂ ਤਾਂ ਉਨ੍ਹਾਂ ਨੇ ਪ੍ਰੋ ਟੈਮ ਚੇਅਰਮੈਨ ਸ. ਗੁਰਦੇਵ ਸਿੰਘ ਤੋਂ ਪੁੱਛ ਲਿਆ ਕਿ ਆਪਣੀ ਵੋਟ ਕਿੱਥੇ ਪਾਉਣ, ਜਿਸ ਤੋਂ ਬਾਅਦ ਸਰਨਾ ਭਰਾਵਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮਾਮਲੇ ਦੇ ਹੱਲ ਲਈ ਦਿੱਤੇ ਸੁਝਾਅ ਨੂੰ ਉਨ੍ਹਾਂ ਨੇ ਨਹੀਂ ਸੁਣਿਆ ਅਤੇ 10 ਘੰਟੇ ਤੱਕ ਵੋਟਿੰਗ ਠੱਪ ਰਹੀ। ਇਸ ਤੋਂ ਬਾਅਦ ਪੁਲਸ ਨੇ ਵੀ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ। ਸਰਨਾ ਭਰਾਵਾਂ ਨੇ ਐਡਵੋਕੇਟ ਧਾਮੀ ਖ਼ਿਲਾਫ਼ ਵੀ ਭੱਦੀ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਜੋ ਵੀ ਵਾਪਰਿਆ ਉਹ ਬਹੁਤ ਮੰਦਭਾਗਾ ਸੀ ਅਤੇ ਇਸ ਲਈ ਅਸੀਂ ਪ੍ਰਬੰਧਕਾਂ ਵਜੋਂ ਪਸ਼ਚਾਤਾਪ ਵਜੋਂ 25 ਜਨਵਰੀ ਨੂੰ ਸਵੇਰੇ 11 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਸੰਗਤਾਂ ਨੂੰ ਇਸ ਮੌਕੇ ਹਾਜ਼ਰੀ ਭਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕੱਲ੍ਹ ਜੋ ਕੀਤਾ, ਉਸ ਨੇ 50 ਸਾਲਾਂ ਦੇ ਇਤਿਹਾਸ ਨੂੰ ਕਲੰਕਿਤ ਕਰ ਦਿੱਤਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਨੇ ਦੱਸਿਆ ਕਿ ਪਹਿਲਾਂ ਕੀਤੇ ਐਲਾਨ ਅਨੁਸਾਰ ਦਿੱਲੀ ਕਮੇਟੀ ਦੇ ਸਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ 'ਚ 1 ਅਪ੍ਰੈਲ 2022 ਤੋਂ ਸਮਾਰਟ ਕਲਾਸਾਂ ਸ਼ੁਰੂ ਹੋਣਗੀਆਂ। ਬਾਲਾ ਸਾਹਿਬ ਹਸਪਤਾਲ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਪ੍ਰਾਜੈਕਟ ਹੈ ਜਿਸ ਨੂੰ ਕ੍ਰਮਵਾਰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਮੇਟੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ ਅਤੇ ਸੰਗਤਾਂ ਨੂੰ ਮੀਡੀਆ ਰਾਹੀਂ ਕਾਰਜਕਾਰਨੀ ਦੇ ਫੈਸਲਿਆਂ ਤੋਂ ਵੀ ਜਾਣੂ ਕਰਵਾਇਆ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News