ਰਾਸ਼ਟਰਪਤੀ ਚੋਣ ਨਤੀਜੇ 2022: ਦੂਜੇ ਗੇੜ ਦੇ ਨਤੀਜੇ ਆਏ ਸਾਹਮਣੇ, ਦ੍ਰੌਪਦੀ ਮੁਰਮੂ ਦਾ ਪਲੜਾ ਭਾਰੀ
Thursday, Jul 21, 2022 - 05:58 PM (IST)
ਨਵੀਂ ਦਿੱਲੀ– ਦੇਸ਼ ਨੂੰ ਅੱਜ 15ਵਾਂ ਰਾਸ਼ਟਰਪਤੀ ਮਿਲ ਜਾਵੇਗਾ। ਰਾਸ਼ਟਰਪਤੀ ਦੀ ਦੌੜ ਲਈ ਪਹਿਲੇ ਗੇੜ ਦੀ ਗਿਣਤੀ ਮਗਰੋਂ ਦੂਜੇ ਗੇੜ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ। ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਕਾਫੀ ਪਛਾੜ ਦਿੱਤਾ ਹੈ। ਰਾਸ਼ਟਰਪਤੀ ਚੋਣਾਂ ’ਚ ਦੂਜੇ ਗੇੜ ਦੀ ਗਿਣਤੀ ਵੀ ਪੂਰੀ ਹੋ ਗਈ ਹੈ। ਹੁਣ ਤੱਕ ਦ੍ਰੌਪਦੀ ਮੁਰਮੂ ਨੂੰ ਕੁੱਲ 1,349 ਵੋਟਾਂ ਮਿਲੀਆਂ ਹਨ, ਉੱਥੇ ਹੀ ਯਸ਼ਵੰਤ ਸਿਨਹਾ ਨੂੰ ਹੁਣ ਤੱਕ 537 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ– ਰਾਸ਼ਟਰਪਤੀ ਚੋਣ ਨਤੀਜੇ 2022: ਪਹਿਲੇ ਗੇੜ ’ਚ ਦ੍ਰੌਪਦੀ ਨੇ ਬਣਾਈ ਲੀਡ, ਯਸ਼ਵੰਤ ਨੂੰ ਮਿਲੀਆਂ 208 ਵੋਟਾਂ
ਦ੍ਰੌਪਦੀ ਨੂੰ ਮਿਲੀਆਂ ਕੁੱਲ ਵੋਟਾਂ ਦੀ ਵੈਲਿਊ 4,83,299 ਹੈ। ਉੱਥੇ ਹੀ ਯਸ਼ਵੰਤ ਸਿਨਹਾ ਨੂੰ 537 ਵੋਟਾਂ ਮਿਲੀਆਂ ਹਨ, ਜਿਨ੍ਹਾਂ ਦੀ ਵੈਲਿਊ 1,89,876 ਹੈ। ਇਹ ਜਾਣਕਾਰੀ ਰਾਜ ਸਭਾ ਦੇ ਸਕੱਤਰ ਜਨਰਲ ਪੀ. ਸੀ. ਮੋਦੀ ਨੇ ਦਿੱਤੀ ਹੈ। ਮੁਰਮੂ ਦੀ ਜਿੱਤ ਦੀ ਕਾਫੀ ਸੰਭਾਵਨਾ ਹੈ। ਜੇਕਰ ਉਹ ਜਿੱਤ ਹਾਸਲ ਕਰਦੀ ਹੈ, ਤਾਂ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ।
ਦੱਸ ਦੇਈਏ ਕਿ ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪਈਆਂ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਦੀ ਚੋਣ ਲਈ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਸੰਸਦ ਭਵਨ ’ਚ ਵੋਟਾਂ ਪਾਉਂਦੇ ਹਨ, ਜਦਕਿ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿਧਾਇਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ- ਕੌਣ ਬਣੇਗਾ ਰਾਸ਼ਟਰਪਤੀ? ਵੋਟਾਂ ਦੀ ਗਿਣਤੀ ਜਾਰੀ, ਦ੍ਰੌਪਦੀ ਮੁਰਮੂ ਦੇ ਘਰ ਜਸ਼ਨ ਦਾ ਮਾਹੌਲ