ਜਨਮ ਦਿਨ ਵਿਸ਼ੇਸ਼ : ਰਾਮਨਾਥ ਕੋਵਿੰਦ ਦਾ ਦਲਿਤ ਬਸਤੀ ਤੋਂ ਰਾਸ਼ਟਰਪਤੀ ਭਵਨ ਤੱਕ, ਅਜਿਹਾ ਹੈ ਸਫ਼ਰ
Thursday, Oct 01, 2020 - 10:37 AM (IST)
ਨਵੀਂ ਦਿੱਲੀ- ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਯਾਨੀ ਵੀਰਵਾਰ ਨੂੰ ਆਪਣਾ 75ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ। ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਪੂਰੇ ਜੀਵਨ ਦੇ ਸਫ਼ਰ 'ਤੇ ਨਜ਼ਰ ਪਾਈਏ ਤਾਂ ਇਕ ਅਜਿਹੀ ਸ਼ਖਸੀਅਤ ਸਾਹਮਣੇ ਆਉਂਦੀ ਹੈ, ਜਿਸ ਨੇ ਸਖ਼ਤ ਮਿਹਤਨ ਨਾਲ ਦੇਸ਼ ਦੇ ਸਰਵਉੱਚ ਨਾਗਰਿਕ ਦਾ ਅਹੁਦਾ ਪਾਇਆ ਹੈ।
ਰਾਮਨਾਥ ਕੋਵਿੰਦ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸੇਵਕ ਰਹੇ। ਅਜਿਹੀ ਪਹਿਲੀ ਵਾਰ ਹੋਇਆ ਹੈ, ਜਦੋਂ ਕੋਈ ਸਵੈ-ਸੇਵਕ ਦੇਸ਼ ਦਾ ਰਾਸ਼ਟਰਪਤੀ ਬਣਿਆ। ਕੋਵਿੰਦ ਦੇ ਸਿਆਸੀ ਸਫ਼ਰ 'ਚ ਕਈ ਮੋੜ ਆਏ। ਉਨ੍ਹਾਂ ਨੇ ਕਈ ਤਰ੍ਹਾਂ ਦੀ ਭੂਮਿਕਾ ਨਿਭਾਈ। ਇਨ੍ਹਾਂ ਨੇ ਇਕ ਸਮਾਜ ਸੇਵੀ, ਇਕ ਵਕੀਲ ਅਤੇ ਇਕ ਰਾਜ ਸਭਾ ਸੰਸਦ ਮੈਂਬਰ ਦੇ ਤੌਰ 'ਤੇ ਕੰਮ ਕੀਤਾ ਪਰ ਇਨ੍ਹਾਂ ਦੀ ਪਿਛਲੀ ਪਿੱਠਭੂਮੀ 'ਚ ਜਾਈਏ ਤਾਂ ਉਹ ਇਕ ਬਹੁਤ ਹੀ ਸਾਧਾਰਨ ਇਨਸਾਨ ਹਨ।
ਜਨਮ-
ਰਾਮਨਾਥ ਕੋਵਿੰਦ ਦਾ ਜਨਮ 1 ਅਕਤੂਬਰ 1945 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਇਕ ਬਹੁਤ ਹੀ ਸਾਧਾਰਨ ਪਰਿਵਾਰ 'ਚ ਹੋਇਆ। ਉਸ ਸਮੇਂ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। ਉਸ ਸਮੇਂ ਕਿਸੇ ਵੀ ਦਲਿਤ ਦਾ ਸਫ਼ਰ ਕਾਫ਼ੀ ਮੁਸ਼ਕਲਾਂ ਭਰਿਆ ਹੁੰਦਾ ਸੀ ਪਰ ਇਨ੍ਹਾਂ ਸਥਿਤੀਆਂ 'ਚ ਵੀ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਪੜ੍ਹਾਇਆ ਲਿਖਾਇਆ। ਇਸ ਦਾ ਨਤੀਜਾ ਇਹ ਰਿਹਾ ਕਿ ਕਾਨਪੁਰ ਦੇਹਾਤ ਦੀ ਡੇਰਾਪੁਰ ਤਹਿਸੀਲ ਦੇ ਪਿੰਡ ਪਰੌਂਖ 'ਚ ਜਨਮੇ ਰਾਮਨਾਥ ਕੋਵਿੰਦ ਨੇ ਸਰਵਉੱਚ ਅਦਾਲਤ 'ਚ ਵਕਾਲਤ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤਰ੍ਹਾਂ ਭਾਜਪਾ ਦੇ ਸੰਪਰਕ 'ਚ ਆਏ ਕੋਵਿੰਦ
ਸਾਲ 1977 'ਚ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਸਾਬਕਾ ਪ੍ਰਧਾਨ ਮੰਤਰੀ ਮੋਰਾਰ ਜੀ ਦੇਸਾਈ ਦੇ ਨਿੱਜੀ ਸਕੱਤਰ ਬਣੇ ਸਨ। ਇਸ ਤੋਂ ਬਾਅਦ ਭਾਜਪਾ ਅਗਵਾਈ ਦੀ ਸੰਪਰਕ 'ਚ ਆਏ। ਕੋਵਿੰਦ ਨੇ ਦਿੱਲੀ 'ਚ ਰਹਿ ਕੇ ਆਈ.ਏ.ਐੱਸ. ਦੀ ਪ੍ਰੀਖਿਆ ਤੀਜੀ ਕੋਸ਼ਿਸ਼ 'ਚ ਪਾਸ ਕੀਤੀ ਪਰ ਮੁੱਖ ਸੇਵਾ ਦੀ ਬਜਾਏ ਐਲਾਇਡ ਸੇਵਾ 'ਚ ਚੋਣ ਹੋਣ 'ਤੇ ਨੌਕਰੀ ਠੁਕਰਾ ਦਿੱਤੀ। ਜੂਨ 1975 'ਚ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਬਣਨ 'ਤੇ ਉਹ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਨਿੱਜੀ ਸਕੱਤਰ ਰਹੇ ਸਨ। ਜਨਤਾ ਪਾਰਟੀ ਦੀ ਸਰਕਾਰ 'ਚ ਸੁਪਰੀਮ ਕੋਰਟ ਦੇ ਜੂਨੀਅਰ ਕਾਊਂਸਲਰ ਦੇ ਅਹੁਦੇ 'ਤੇ ਕੰਮ ਕੀਤਾ। ਇਸ ਤੋਂ ਪਹਿਲਾਂ ਵੀ ਉਹ ਆਪਣੀ ਰਾਹ 'ਚ ਆਉਣ ਵਾਲੇ ਕਈ ਵਿਰੋਧੀਆਂ ਨੂੰ ਪਿੱਛੇ ਛੱਡ ਚੁਕੇ ਹਨ। ਸਭ ਤੋਂ ਪਹਿਲਾਂ ਤਾਂ ਕੋਵਿੰਦ ਨੇ ਆਪਣੇ ਪਿੰਡ ਦੀ ਇਸ ਗਰੀਬੀ ਨੂੰ ਪਛਾੜਿਆ।
6 ਕਿਲੋਮੀਟਰ ਪੈਦਲ ਤੁਰ ਕੇ ਜਾਂਦੇ ਸਨ ਸਕੂਲ
ਦੱਸਣਯੋਗ ਹੈ ਕਿ ਗਰੀਬੀ ਕਾਰਨ ਬਚਪਨ 'ਚ ਰਾਮਨਾਥ ਕੋਵਿੰਦ 6 ਕਿਲੋਮੀਟਰ ਪੈਦਲ ਤੁਰ ਕੇ ਸਕੂਲ ਜਾਂਦੇ ਸਨ ਅਤੇ ਫਿਰ ਪੈਦਲ ਹੀ 6 ਕਿਲੋਮੀਟਰ ਵਾਪਸ ਘਰ ਆਉਂਦੇ ਸਨ। ਪਿੰਡ 'ਚ ਰਹਿਣ ਵਾਲੇ ਰਾਮਨਾਥ ਕੋਵਿੰਦ ਦੇ ਸਾਥੀਆਂ ਨੂੰ ਜਿੱਥੇ ਉਨ੍ਹਾਂ ਦੀ ਕਾਬਲੀਅਤ 'ਤੇ ਮਾਣ ਹੈ। ਉੱਥੇ ਹੀ ਕੋਵਿੰਦ ਦੀ ਦਰਿਆਦਿਲੀ ਦੇ ਵੀ ਉਹ ਕਾਇਲ ਹਨ। ਗਰੀਬੀ 'ਚ ਪੈਦਾ ਹੋਏ ਰਾਮਨਾਥ ਕੋਵਿੰਦ ਅੱਗੇ ਚੱਲ ਕੇ ਇਕ ਨਾਮੀ ਵਕੀਲ ਹੋਏ। ਉਹ ਬਿਹਾਰ ਦੇ ਰਾਜਪਾਲ ਵੀ ਬਣੇ ਪਰ ਜਾਇਦਾਦ ਦੇ ਨਾਂ 'ਤੇ ਉਨ੍ਹਾਂ ਕੋਲ ਅੱਜ ਵੀ ਕੁਝ ਨਹੀਂ ਹੈ। ਇਕ ਘਰ ਸੀ, ਉਹ ਵੀ ਪਿੰਡ ਵਾਲਿਆਂ ਨੂੰ ਦਾਨ ਕਰ ਦਿੱਤਾ।
ਮੀਂਹ ਬੰਦ ਹੋਣ ਦਾ ਕਰਦੇ ਸੀ ਇੰਤਜ਼ਾਰ
ਦੱਸਣਯੋਗ ਹੈ ਕਿ ਕੇਂਦਰ 'ਚ ਮੋਦੀ ਸਰਕਾਰ ਬਣਨ ਤੋਂ ਬਾਅਦ ਕੋਵਿੰਦ ਉੱਤਰ ਪ੍ਰਦੇਸ਼ ਤੋਂ ਰਾਜਪਾਲ ਬਣਨ ਵਾਲੇ ਤੀਜੇ ਵਿਅਕਤੀ ਸਨ। ਮੈਂਬਰ, ਪਾਰਲੀਮੈਂਟ ਦੀ ਐੱਸ.ਸੀ./ਐੱਸ.ਟੀ. ਵੈਲਫੇਅਰ ਕਮੇਟੀ ਦੇ ਮੈਂਬਰ, ਗ੍ਰਹਿ ਮੰਤਰਾਲੇ, ਪੈਟਰੋਲੀਅਮ ਮੰਤਰਾਲੇ, ਸੋਸ਼ਲ ਜਸਟਿਸ, ਚੇਅਰਮੈਨ ਰਾਜ ਸਭਾ ਹਾਊਸਿੰਗ ਕਮੇਟੀ ਮੈਂਬਰ, ਮੈਨੇਜਮੈਂਟ ਬੋਰਡ ਆਫ਼ ਡਾ.ਬੀ.ਆਰ. ਅੰਬੇਡਕਰ ਯੂਨੀਵਰਸਿਟੀ, ਲਖਨਊ ਵੀ ਰਹੇ। ਉਨ੍ਹਾਂ ਦਾ ਪਿੰਡ ਵੀ ਖ਼ੁਦ ਨੂੰ ਇਤਿਹਾਸ ਦੇ ਪੰਨਿਆਂ 'ਚ ਦੇਖ ਰਿਹਾ ਹੈ। ਦੱਸਣਯੋਗ ਹੈ ਕਿ ਚੋਣ ਜਿੱਤਣ ਤੋਂ ਬਾਅਦ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਸੀ,''ਘਾਹ ਦੀ ਛੱਤ ਤੋਂ ਪਾਣੀ ਟਪਕਦਾ ਸੀ, ਅਸੀਂ ਸਾਰੇ ਭਰਾ-ਭੈਣ ਕੰਧ ਦੇ ਸਹਾਰੇ ਖੜ੍ਹੇ ਹੋ ਕੇ ਮੀਂਹ ਬੰਦ ਹੋਣ ਦਾ ਇੰਤਜ਼ਾਰ ਕਰਦੇ ਸੀ।''
2017 ਨੂੰ ਚੁਕੀ ਸੀ ਰਾਸ਼ਟਰਪਤੀ ਅਹੁਦੇ ਦੀ ਸਹੁੰ
ਸਾਲ 1994 ਤੋਂ 2006 ਦਰਮਿਆਨ 2 ਵਾਰ ਰਾਜ ਸਭਾ ਮੈਂਬਰ ਰਹਿ ਚੁਕੇ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਹਨ। ਪੇਸ਼ੇ ਤੋਂ ਵਕੀਲ ਕੋਵਿੰਦ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਮੁਖੀ ਵੀ ਰਹੇ ਹਨ। ਉਹ 1977 'ਚ ਸਾਬਕਾ ਪ੍ਰਧਾਨ ਮੰਤਰੀ ਮੋਰਾਰ ਜੀ ਦੇਸਾਈ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਰਹਿ ਚੁਕੇ ਹਨ। 2 ਵਾਰ ਭਾਜਪਾ ਅਨੁਸੂਚਿਤ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਸ਼ਟਰੀ ਬੁਲਾਰਾ, ਉੱਤਰ ਪ੍ਰਦੇਸ਼ ਦੇ ਮਹਾਮੰਤਰੀ ਰਹਿ ਚੁਕੇ ਹਨ। ਰਾਮਨਾਥ ਕੋਵਿੰਦ ਨੇ 25 ਜੁਲਾਈ 2017 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕੀ ਸੀ।