ਭਾਰਤ, ਬ੍ਰਾਜ਼ੀਲ ’ਚ ਰਿਸ਼ਤਿਆਂ ਨੂੰ ਨਵੀਂ ਰਫਤਾਰ ਦੇਣ ਦੀ ਚਰਚਾ, 15 ਸਮਝੌਤਿਆਂ ’ਤੇ ਦਸਤਖਤ

01/25/2020 2:36:59 PM

ਨਵੀਂ ਦਿੱਲੀ— ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਮੇਸੀਅਸ ਬੋਲਸੋਨਾਰੋ ਭਾਰਤ ਦੌਰੇ 'ਤੇ ਹਨ। ਬੋਲਸੋਨਾਰੋ 24 ਤੋਂ 27 ਜਨਵਰੀ ਤਕ ਭਾਰਤ ਦੇ ਦੌਰੇ 'ਤੇ ਹਨ। ਉਹ 26 ਜਨਵਰੀ ਨੂੰ ਭਾਰਤ ਦੇ 71ਵੇਂ ਗਣਤੰਤਰ ਦਿਵਸ 'ਤੇ ਆਯੋਜਿਤ ਹੋਣ ਵਾਲੀ ਪਰੇਡ 'ਚ ਮੁੱਖ ਮਹਿਮਾਨ ਹਨ। ਬੋਲਸੋਨਾਰੋ ਦੀ ਇਹ ਭਾਰਤ ਦੀ ਪਹਿਲੀ ਯਾਤਰਾ ਹੈ। ਲਾਤਿਨ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ ਨਾਲ ਭਾਰਤ ਦੇ ਸੰਬੰਧ ਪਿਛਲੇ ਕੁਝ ਸਾਲਾਂ ਤੋਂ ਕਾਫੀ ਮਜ਼ਬੂਤ ਹੋਏ ਹਨ। ਅੱਜ ਭਾਵ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਵਿਚਾਲੇ 15 ਮਹੱਤਵਪੂਰਨ ਮੁੱਦਿਆਂ 'ਤੇ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। 

PunjabKesari

ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਅਸੀਂ ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤ ਹੋਏ ਹਾਂ। ਸਾਲ 2023 ਦੋਹਾਂ ਦੇਸ਼ਾਂ ਵਿਚਾਲੇ ਡਿਪਲੋਮੈਟ ਸੰਬੰਧਾਂ ਨੂੰ ਪਲੈਟਿਨਮ ਜੁਬਲੀ ਸਾਲ ਹੋਵੇਗਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਵਿਚਾਲੇ ਜੈਵ ਊਰਜਾ, ਪਸ਼ੂ ਧਨ, ਸਿਹਤ, ਸਾਈਬਰ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਤੇਲ ਅਤੇ ਗੈਸ ਵਰਗੇ ਖੇਤਰਾਂ ਵਿਚ ਸਾਡਾ ਸਹਿਯੋਗ ਹੋਰ ਤੇਜ਼ੀ ਨਾਲ ਵਧੇਗਾ। ਅਸੀਂ ਤੈਅ ਕੀਤਾ ਹੈ ਕਿ ਦੋਵੇਂ ਦੇਸ਼ ਬਹੁ-ਪੱਧਰੀ ਮੁੱਦਿਆਂ 'ਤੇ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਗੇ। ਅਸੀਂ ਸੁਰੱਖਿਆ ਪਰੀਸ਼ਦ, ਸੰਯੁਕਤ ਰਾਸ਼ਟਰ ਅਤੇ ਹੋਰ ਕੌਮਾਂਤਰੀ ਸੰਗਠਨਾਂ 'ਚ ਜ਼ਰੂਰੀ ਸੁਧਾਰ ਲਈ ਮਿਲ ਕੇ ਕੋਸ਼ਿਸ਼ ਕਰਾਂਗੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਤੋਂ ਬਾਅਦ ਕਿਹਾ ਕਿ ਅਸੀਂ ਆਪਣੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਹੈ। ਅਸੀਂ (ਭਾਰਤ ਅਤੇ ਬ੍ਰਾਜ਼ੀਲ) ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਾਂਗੇ।


Tanu

Content Editor

Related News