ਕੈਬਨਿਟ ਵਿਸਥਾਰ ਤੋਂ ਪਹਿਲਾਂ ਰਾਸ਼ਟਰਪਤੀ ਨੇ ਬਦਲੇ ਕਈ ਸੂਬਿਆਂ ਦੇ ਰਾਜਪਾਲ
Tuesday, Jul 06, 2021 - 02:09 PM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਵਿਸਥਾਰ ਦੀਆਂ ਸੰਭਾਵਨਾਵਾਂ ਦਰਮਿਆਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਈ ਸੂਬਿਆਂ ਦੇ ਰਾਜਪਾਲਾਂ ਨੂੰ ਬਦਲ ਦਿੱਤਾ ਹੈ। ਰਾਸ਼ਟਰਪਤੀ ਨੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਹਿਮਾਚਲ ਸਮੇਤ 8 ਸੂਬਿਆਂ ਵਿਚ ਨਵੇਂ ਰਾਜਪਾਲ ਨਿਯੁਕਤ ਕੀਤੇ ਹਨ।
ਮੋਦੀ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਥਾਵਰਚੰਦ ਗਹਿਲੋਤ ਨੂੰ ਕਰਨਾਟਕ ਦਾ ਰਾਜਪਾਲ ਬਣਾਇਆ ਗਿਆ ਹੈ। ਉੱਥੇ ਹੀ ਹਰੀ ਬਾਬੂ ਕੰਭਾਪਤੀ ਨੂੰ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਮੰਗੂਭਾਈ ਛਗਨਭਾਈ ਪਟੇਲ ਨੂੰ ਮੱਧ ਪ੍ਰਦੇਸ਼ ਅਤੇ ਰਾਜਿੰਦਰ ਵਿਸ਼ਵਨਾਥ ਅਰਲੇਕਰ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਹੈ। ਸ਼੍ਰੀਧਰਨ ਪਿੱਲਈ ਨੂੰ ਗੋਆ, ਸੱਤਿਅਦੇਵ ਨਾਰਾਇਣ ਆਰੀਆ ਨੂੰ ਤ੍ਰਿਪੁਰਾ, ਰਮੇਸ਼ ਬੈਸ ਨੂੰ ਝਾਰਖੰਡ ਅਤੇ ਬੰਡਾਰੂ ਦੱਤਾਤ੍ਰੇਯ ਨੂੰ ਹਰਿਆਣਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਪਰੋਕਤ ਨਿਯੁਕਤੀਆਂ ਉਨ੍ਹਾਂ ਦੇ ਸਬੰਧਤ ਕਾਰਜਕਾਲਾਂ ਦੇ ਕਾਰਜਭਾਰ ਸੰਭਾਲਣ ਦੀ ਤਾਰੀਖ਼ ਤੋਂ ਪ੍ਰਭਾਵੀ ਹੋਣਗੀਆਂ।
ਦੱਸ ਦੇਈਏ ਕਿ ਰਾਜਪਾਲ ਨਿਯੁਕਤੀ ਦਾ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਕੈਬਨਿਟ ਵਿਚ ਪਹਿਲਾਂ ਸੰਭਾਵਿਤ ਬਦਲਾਅ ਨੂੰ ਲੈ ਕੇ ਪਾਰਟੀ ਅਤੇ ਸਰਕਾਰ ਦੇ ਪੱਧਰ ’ਤੇ ਬੈਠਕਾਂ ਜਾਰੀ ਹਨ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਬਨਿਟ ’ਚ ਫੇਰਬਦਲ ਕਰਦੇ ਹਨ ਤਾਂ ਮਈ 2019 ’ਚ ਪ੍ਰਧਾਨ ਮੰਤਰੀ ਦੇ ਤੌਰ ’ਤੇ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਮਗਰੋਂ ਮੰਤਰੀ ਪਰੀਸ਼ਦ ਦਾ ਇਹ ਪਹਿਲਾ ਵਿਸਥਾਰ ਹੋਵੇਗਾ।