ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ PM ਮੋਦੀ ਸਮੇਤ ਕਈ ਨੇਤਾਵਾਂ ਨੇ ਉਪ ਰਾਸ਼ਟਰਪਤੀ ਚੁਣੇ ਜਾਣ ''ਤੇ ਧਨਖੜ ਨੂੰ ਦਿੱਤੀ ਵਧਾਈ
Saturday, Aug 06, 2022 - 10:27 PM (IST)
ਨੈਸ਼ਨਲ ਡੈਸਕ: ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਜਗਦੀਪ ਧਨਖੜ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਹੋਣਗੇ। ਉਹ 11 ਅਗਸਤ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਜਗਦੀਪ ਧਨਖੜ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਗਦੀਪ ਧਨਖੜ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਅਕਬਰ ਰੋਡ 'ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਧਨਖੜ ਨੂੰ ਵਧਾਈ ਦਿੱਤੀ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਧਾਈ ਦਿੰਦਿਆਂ ਕਿਹਾ ਕਿ ਜਗਦੀਪ ਧਨਖੜ ਨੂੰ ਭਾਰਤ ਦਾ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ। ਸਰਵਜਨਕ ਜੀਵਨ ਦੇ ਤੁਹਾਡੇ ਲੰਬੇ ਅਤੇ ਭਰਪੂਰ ਅਨੁਭਵ ਦਾ ਦੇਸ਼ ਨੂੰ ਲਾਭ ਹੋਵੇਗਾ। ਇਕ ਲਾਭਕਾਰੀ ਅਤੇ ਸਫਲ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।
ਅਮਿਤ ਸ਼ਾਹ ਨੇ ਟਵੀਟ ਕਰਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਦੇਸ਼ ਲਈ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਪੁੱਤਰ ਜਗਦੀਪ ਧਨਖੜ ਭਾਰਤ ਦੇ ਉਪ ਰਾਸ਼ਟਰਪਤੀ ਚੁਣੇ ਗਏ ਹਨ। ਧਨਖੜ ਜੀ ਆਪਣੇ ਲੰਬੇ ਜਨਤਕ ਜੀਵਨ ਵਿੱਚ ਲਗਾਤਾਰ ਜਨਤਾ ਨਾਲ ਜੁੜੇ ਰਹੇ ਹਨ। ਉਪਰਲੇ ਸਦਨ ਨੂੰ ਨਿਸ਼ਚਿਤ ਤੌਰ 'ਤੇ ਜ਼ਮੀਨੀ ਮੁੱਦਿਆਂ ਦੀ ਨੇੜਲੀ ਸਮਝ ਅਤੇ ਉਨ੍ਹਾਂ ਦੇ ਤਜਰਬੇ ਤੋਂ ਲਾਭ ਹੋਵੇਗਾ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਜਗਦੀਪ ਧਨਖੜ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਵਜੋਂ ਸੰਵਿਧਾਨ ਦੇ ਆਦਰਸ਼ ਰੱਖਿਅਕ ਸਾਬਤ ਹੋਣਗੇ। ਮੈਂ ਉਨ੍ਹਾਂ ਨੂੰ ਇਸ ਜਿੱਤ ਲਈ ਵਧਾਈ ਦਿੰਦਾ ਹਾਂ। ਨਾਲ ਹੀ, ਮੋਦੀ ਜੀ ਦੀ ਅਗਵਾਈ ਹੇਠ ਮੈਂ ਧਨਖੜ ਦਾ ਸਮਰਥਨ ਕਰਨ ਲਈ ਐੱਨ.ਡੀ.ਏ. ਸਹਿਯੋਗੀਆਂ, ਹੋਰ ਪਾਰਟੀਆਂ ਅਤੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਜਗਦੀਪ ਧਨਖੜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਮਾਰਗਰੇਟ ਅਲਵਾ ਦਾ ਵੀ ਧੰਨਵਾਦ ਕੀਤਾ। ਰਾਹੁਲ ਨੇ ਇਕ ਟਵੀਟ ਵਿੱਚ ਕਿਹਾ ਕਿ ਸ਼੍ਰੀ ਜਗਦੀਪ ਧਨਖੜ ਨੂੰ ਭਾਰਤ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ। ਸ਼੍ਰੀਮਤੀ ਮਾਰਗਰੇਟ ਅਲਵਾ ਦਾ ਧੰਨਵਾਦ ਅਤੇ ਸੰਯੁਕਤ ਵਿਰੋਧੀ ਧਿਰ ਦੀ ਭਾਵਨਾ ਦਾ ਸਤਿਕਾਰ ਕਰਨ ਲਈ ਧੰਨਵਾਦ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਵਧਾਈ ਦਿੰਦਿਆਂ ਕਿਹਾ, "ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਐੱਨ.ਡੀ.ਏ. ਦੇ ਉਮੀਦਵਾਰ ਸ਼੍ਰੀ ਜਗਦੀਪ ਧਨਖੜ ਨੂੰ ਹਾਰਦਿਕ ਵਧਾਈ। ਕਿਸਾਨ ਪਰਿਵਾਰ ਤੋਂ ਮਾਣਯੋਗ ਉਪ ਰਾਸ਼ਟਰਪਤੀ ਤੱਕ ਦੀ ਤੁਹਾਡੀ ਯਾਤਰਾ ਲੋਕਤੰਤਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ। ਪੂਰੇ ਦੇਸ਼ ਨੂੰ ਤੁਹਾਡੇ ਵਿਸ਼ਾਲ ਅਨੁਭਵਾਂ ਦਾ ਲਾਭ ਮਿਲੇਗਾ ਅਤੇ ਰਾਜ ਸਭਾ ਦਾ ਮਾਣ-ਸਨਮਾਨ ਹੋਰ ਮਜ਼ਬੂਤ ਹੋਵੇਗਾ।"
ਜਗਦੀਪ ਧਨਖੜ ਨੂੰ ਵਧਾਈ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼੍ਰੀ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਚੋਣ ਜਿੱਤਣ 'ਤੇ ਵਧਾਈ। ਉਨ੍ਹਾਂ ਦਾ ਲੰਮਾ ਜਨਤਕ ਜੀਵਨ, ਵਿਆਪਕ ਅਨੁਭਵ ਅਤੇ ਲੋਕਾਂ ਦੇ ਮਸਲਿਆਂ ਦੀ ਡੂੰਘੀ ਸਮਝ ਦਾ ਦੇਸ਼ ਨੂੰ ਜ਼ਰੂਰ ਲਾਭ ਹੋਵੇਗਾ। ਮੈਨੂੰ ਯਕੀਨ ਹੈ ਕਿ ਉਹ ਇਕ ਅਸਾਧਾਰਨ ਵੀ.ਪੀ. ਅਤੇ ਰਾਜ ਸਭਾ ਦੇ ਚੇਅਰਮੈਨ ਬਣਨਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।