ਰਾਸ਼ਟਰਪਤੀ ਨੇ ਸੱਦਿਆ ਰਾਜਪਾਲਾਂ ਦਾ 3 ਦਿਨਾਂ ਸੰਮੇਲਨ

Saturday, Jun 02, 2018 - 05:11 PM (IST)

ਰਾਸ਼ਟਰਪਤੀ ਨੇ ਸੱਦਿਆ ਰਾਜਪਾਲਾਂ ਦਾ 3 ਦਿਨਾਂ ਸੰਮੇਲਨ

ਨੈਸ਼ਨਲ ਡੈਸਕ—  ਜੂਨ ਤੋਂ ਸ਼ੁਰੂ ਹੋ ਰਹੇ ਤਿੰਨ ਦਿਨਾ ਰਾਜਪਾਲਾਂ ਦੇ ਸੰਮੇਲਨ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਸ਼ਾਮਲ ਹੋਣਗੇ। ਇਹ ਅਜਿਹਾ ਪਹਿਲਾ ਸੰਮੇਲਨ ਹੋਵੇਗਾ, ਜਿਸ ਦੀ ਅਗਵਾਈ ਰਾਸ਼ਟਰਪਤੀ ਕਰਨਗੇ। ਪ੍ਰਧਾਨ ਮੰਤਰੀ ਤਿੰਨੇ ਦਿਨ ਮੌਜੂਦ ਰਹਿਣਗੇ ਅਤੇ ਰਾਜਪਾਲਾਂ ਦੇ ਦਿੱਲੀ ਵਿਚ ਰੁਕਣ ਦੌਰਾਨ ਉਨ੍ਹਾਂ ਨਾਲ ਰਸਮੀ ਮੁਲਾਕਾਤ ਵੀ ਕਰਨਗੇ।
ਜਾਣਕਾਰੀ ਮੁਤਾਬਕ ਸੰਮੇਲਨ ਵਿਚ ਰਾਸ਼ਟਰੀ ਸੁਰੱਖਿਆ, ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਅਤੇ ਸੂਬਿਆਂ ਵਿਚ ਪ੍ਰਦੂਸ਼ਣ ਦੀ ਸਥਿਤੀ 'ਤੇ ਚਰਚਾ ਕੀਤੀ ਜਾਵੇਗੀ। ਰਾਜਪਾਲਾਂ ਦਾ ਜੂਨ 2018 ਦਾ ਸੰਮੇਲਨ ਮੋਦੀ ਦੀ ਅਗਵਾਈ ਵਾਲਾ ਅੰਤਿਮ ਸੰਮੇਲਨ ਹੋਵੇਗਾ, ਕਿਉਂਕਿ ਅਗਲਾ ਸੰਮੇਲਨ ਜੂਨ 2019 ਵਿਚ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਉਦੋਂ ਤੱਕ ਨਵੀਂ ਸਰਕਾਰ ਦਾ ਗਠਨ ਹੋ ਜਾਵੇਗਾ।
ਦੱਸ ਦੇਈਏ ਕਿ ਰਾਮਨਾਥ ਕੋਵਿੰਦ ਕੁਝ ਰਾਜਪਾਲਾਂ ਨਾਲ ਉਨ੍ਹਾਂ ਦੇ ਬਿਆਨਾਂ, ਖਾਸ ਤੌਰ 'ਤੇ ਜਨਤਕ ਮੁੱਦਿਆਂ 'ਤੇ ਬੋਲਣ ਕਾਰਨ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਰਾਸ਼ਟਰਪਤੀ ਸਕੱਤਰੇਤ ਨੂੰ ਸੂਚਨਾ ਦਿੱਤੇ ਬਿਨਾਂ ਇਕ ਮੁੱਦੇ 'ਤੇ ਪ੍ਰੈੱਸ ਕਾਨਫਰੰਸ ਆਯੋਜਿਤ ਕਰਨ ਲਈ ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਨਾਲ ਪੁਰੋਹਿਤ 'ਤੇ ਕੋਵਿੰਦ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।
ਕੀ ਰਾਜਪਾਲਾਂ ਦੇ ਵਰਤਾਓ ਨੂੰ ਲੈ ਕੇ ਇਸ ਮੌਕੇ ਗੱਲਬਾਤ ਕੀਤੀ ਜਾਵੇਗੀ? ਸੂਤਰਾਂ ਮੁਤਾਬਕ ਇਸ 'ਤੇ ਗੈਰ-ਰਸਮੀ ਗੱਲਬਾਤ ਹੋ ਸਕਦੀ ਹੈ। ਰਾਸ਼ਟਰਪਤੀ ਕੋਵਿੰਦ ਨੇ ਸਬੰਧਿਤ ਸੂਬਿਆਂ ਵਿਚ ਯੂਨੀਵਰਸਿਟੀਆਂ, ਵਾਤਾਵਰਣ ਦੇ ਮੁੱਦਿਆਂ ਅਤੇ ਕਾਨੂੰਨ ਵਿਵਸਥਾ ਸਬੰਧੀ ਰਾਜਪਾਲਾਂ ਦੇ ਸੰਮੇਲਨ ਲਈ ਤਿੰਨ ਸਬ ਕਮੇਟੀਆਂ ਗਠਿਤ ਕੀਤੀਆਂ ਹਨ। ਜੂਨ ਦੇ ਸੰਮੇਲਨ ਵਿਚ ਇਨ੍ਹਾਂ ਦੀਆਂ ਰਿਪੋਰਟਾਂ 'ਤੇ ਚਰਚਾ ਕੀਤੀ ਜਾਵੇਗੀ।


Related News