ਰਾਸ਼ਟਰਪਤੀ, ਪ੍ਰਧਾਨ ਮੰਤਰੀ ਦੀਆਂ ਵਿਸ਼ੇਸ਼ ਉਡਾਣਾਂ ਨੂੰ ਏਅਰ ਟ੍ਰੈਫਿਕ ਕੰਟਰੋਲ ਨੇ ਨਾਲੋ-ਨਾਲ ਕਿਵੇਂ ਉਤਾਰਿਆ
Saturday, Jul 01, 2017 - 09:58 PM (IST)

ਨਵੀਂ ਦਿੱਲੀ— ਜਦੋਂ ਸੰਸਦ ਜੀ. ਐੱਸ. ਟੀ. ਉਦਘਾਟਨ ਦੇ ਲਈ ਤਿਆਰ ਹੋ ਰਹੀ ਸੀ ਤਾਂ ਏਅਰ ਟ੍ਰੈਫਿਕ ਕੰਟਰੋਲ ਨਵੀਂ ਦਿੱਲੀ ਵਿਚ ਇਕ ਵੱਡਾ ਡਰਾਮਾ ਖੇਡਿਆ ਜਾ ਰਿਹਾ ਸੀ। ਸ਼ੁੱਕਰਵਾਰ ਨੂੰ ਰਾਤ 9 ਵਜੇ ਨਵੀਂ ਦਿੱਲੀ 'ਚ ਏਅਰ ਟ੍ਰੈਫਿਕ ਕੰਟਰੋਲ ਵਿਖੇ ਕਾਫੀ ਤਣਾਅ ਅਤੇ ਉਤਸੁਕਤਾ ਭਰੇ ਪਲ ਸਨ ਪਰ ਸਥਿਤੀ ਨੂੰ ਏਅਰ ਟ੍ਰੈਫਿਕ ਕੰਟਰੋਲ ਬੇਹਤਰੀਨ ਢੰਗ ਨਾਲ ਕੰਟਰੋਲ ਕਰਨ ਅਤੇ ਤਜਰਬਾਕਾਰ ਇੰਜੀਨੀਅਰਾਂ ਵਲੋਂ ਜੀ. ਐੱਸ. ਟੀ. ਦੀ ਸੁਚਾਰੂ ਸ਼ੁਰੂਆਤ ਲਈ ਰਸਤਾ ਤਿਆਰ ਕਰਨ ਦੇ ਨਾਲ ਹੀ ਪ੍ਰਣਾਲੀਆਂ ਨੂੰ ਤੈਅ ਕਰ ਲਿਆ ਗਿਆ। ਸ਼ੁੱਕਰਵਾਰ ਸਵੇਰੇ ਇੰਡੀਅਨ ਏਅਰ ਫੋਰਸ ਦੇ ਦੋ ਸਪੈਸ਼ਲ ਹਵਾਈ ਜਹਾਜ਼ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਕੋਲਕਾਤਾ ਤੋਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਮਦਾਬਾਦ ਤੋਂ ਇਕੋ ਸਮੇਂ ਪਾਲਮ ਦੇ ਵੀ. ਵੀ. ਆਈ. ਪੀ. ਏਅਰ ਫੋਰਸ ਸਟੇਸ਼ਨ 'ਤੇ ਉਤਰਨ ਵਾਲੇ ਸਨ ਕਿਉਂਕਿ ਦੋਵੇਂ ਹੀ ਵੀ. ਵੀ. ਆਈ. ਪੀਜ਼ ਅਤੇ ਐੱਸ. ਪੀਜ਼ ਸੁਰੱਖਿਆ ਹੇਠ ਹਨ, ਇਸ ਕਰ ਕੇ ਉਥੇ ਬੜੀ ਸਖਤ ਚੌਕਸੀ ਸੀ ਅਤੇ ਦੋਹਾਂ ਨੇ ਜੀ. ਐੱਸ. ਟੀ. ਉਦਘਾਟਨ 'ਤੇ ਪਹੁੰਚਣਾ ਸੀ। ਪ੍ਰਧਾਨ ਮੰਤਰੀ ਨੇ ਸੰਸਦ ਦੇ ਕੇਂਦਰੀ ਹਾਲ ਵਿਖੇ ਲਾਂਚ ਤੋਂ ਪਹਿਲਾਂ ਜੀ. ਐੱਸ. ਟੀ. ਕੌਂਸਲ ਮੈਂਬਰਾਂ ਦੇ ਨਾਲ ਰਾਤ ਦੇ ਖਾਣੇ ਸਮੇਂ ਹਾਜ਼ਰ ਹੋਣਾ ਸੀ। ਅਜਿਹੇ ਮਾਮਲਿਆਂ ਵਿਚ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨਾਲੋਂ ਪਹਿਲ ਦਿੱਤੀ ਜਾਂਦੀ ਹੈ ਪਰ ਪ੍ਰਧਾਨ ਮੰਤਰੀ ਦੀ ਉਡਾਣ ਏ. ਟੀ. ਸੀ. ਵਿਖੇ ਪਹਿਲਾਂ ਪਹੁੰਚ ਗਈ ਸੀ। ਰਾਸ਼ਟਰਪਤੀ ਦਾ ਹਵਾਈ ਜਹਾਜ਼ ਪ੍ਰਧਾਨ ਮੰਤਰੀ ਤੋਂ ਬਾਅਦ ਉਤਰਨਾ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ 'ਤੇ ਤਾਇਨਾਤ ਐੱਸ. ਪੀ. ਜੀ. ਜਾਣਦਾ ਸੀ ਕਿ ਨਰਿੰਦਰ ਮੋਦੀ ਦਾ ਪ੍ਰੋਗਰਾਮ ਸਿੱਧੇ ਵਿਗਿਆਨ ਭਵਨ ਜਾਣ ਦਾ ਸੀ, ਜਿੱਥੇ ਜੀ. ਐੱਸ. ਟੀ. ਕੌਂਸਿਲ ਮੀਟਿੰਗ ਹੋ ਚੁੱਕੀ ਸੀ ਅਤੇ ਨਰਿੰਦਰ ਮੋਦੀ ਉਨ੍ਹਾਂ ਨੂੰ ਰਾਤ ਦਾ ਖਾਣਾ ਦੇ ਰਹੇ ਸਨ। ਜਦੋਂ ਐੱਸ. ਪੀ. ਜੀ. ਨੇ ਏ. ਟੀ. ਸੀ. ਨੂੰ ਬੇਨਤੀ ਕੀਤੀ ਤਾਂ ਏਅਰ ਫੋਰਸ ਵਲੋਂ ਥੋੜ੍ਹੀ ਜਿਹੀ ਬੇਚੈਨੀ ਪ੍ਰਗਟ ਕੀਤੀ ਗਈ।
ਕਾਰਨ ਸੀ ਕਿ ਵੀ. ਵੀ. ਆਈ. ਪੀ. ਹਵਾਈ ਪੱਟੀ ਘਰੇਲੂ ਹਵਾਈ ਅੱਡਾ ਪੱਟੀ ਤੋਂ ਤਿੰਨ ਕਿਲੋਮੀਟਰ ਦੂਰ ਹੈ। ਏ. ਟੀ. ਸੀ. ਕੋਲ ਉਸੇ ਸਮੇਂ 18 ਉਡਾਣਾਂ ਵਲੋਂ ਉਤਰਨ ਦੀਆਂ ਬੇਨਤੀਆਂ ਸਨ। ਉੱਪਰੋਂ ਵਰਖਾ ਵੀ ਹੋ ਰਹੀ ਸੀ। ਹਵਾ ਕਮਰਸ਼ੀਅਲ ਹਵਾਈ ਜਹਾਜ਼ ਨੂੰ ਉਤਰਨ ਨਹੀਂ ਦੇ ਰਹੀ ਸੀ। ਕਾਫੀ ਉਲਝਣ ਦੇ ਬਾਵਜੂਦ ਏ. ਟੀ. ਸੀ. ਨੇ ਦੋ ਇੰਡੀਅਨ ਏਅਰ ਫੋਰਸ ਜਹਾਜ਼ਾਂ ਨੂੰ ਰੋਕ ਲਿਆ। ਰਾਸ਼ਟਰਪਤੀ ਦੇ ਹਵਾਈ ਜਹਾਜ਼ ਨੂੰ ਪਹਿਲ ਦੇਣਾ ਪ੍ਰੋਟੋਕਾਲ ਦੀ ਮੰਗ ਸੀ ਪਰ ਐੱਸ. ਪੀ. ਜੀ. ਵਲੋਂ ਪੀ. ਐੱਮ. ਨੂੰ ਪਹਿਲਾਂ ਉੱਤਰ ਲੈਣ ਦੀ ਵਿਸ਼ੇਸ਼ ਬੇਨਤੀ ਵੀ ਅਣਡਿੱਠ ਨਹੀਂ ਕੀਤੀ ਜਾ ਸਕਦੀ ਸੀ। ਦੋਵੇਂ ਮਹੱਤਵਪੂਰਨ ਹਸਤੀਆਂ ਹਨ। ਪ੍ਰਣਬ ਦਾ ਅਤੇ ਨਰਿੰਦਰ ਭਾਈ ਦੋਹਾਂ ਨੇ 10.30 ਵਜੇ ਤਕ ਸੈਂਟਰਲ ਹਾਲ ਵਿਚ ਜਾਣ ਲਈ ਪਹੁੰਚਣਾ ਸੀ। ਰਾਸ਼ਟਰਪਤੀ ਆਪਣੀ ਵੱਡੀ ਉਮਰ ਦੇ ਕਾਰਨ ਪਹਿਲਾਂ ਰਾਸ਼ਟਰਪਤੀ ਭਵਨ ਪਹੁੰਚਣਾ ਚਾਹੁੰਦੇ ਸਨ, ਫਿਰ ਉਨ੍ਹਾਂ ਸੈਂਟਰਲ ਹਾਲ ਜਾਣਾ ਸੀ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਹਵਾਈ ਜਹਾਜ਼ ਉਤਰਨ ਵਿਚ 8 ਮਿੰਟਾਂ ਦਾ ਵਕਫਾ ਸੀ।
ਸ਼ੁੱਕਰਵਾਰ ਰਾਤ 9.15 ਵਜੇ ਏ. ਟੀ. ਸੀ. ਕੰਟਰੋਲਰਾਂ ਨੇ ਰਾਹਤ ਦਾ ਸਾਹ ਲਿਆ ਜਦੋਂ ਦੋਵੇਂ ਉਡਾਣਾਂ ਚਾਰ ਮਿੰਟਾਂ ਦੇ ਵਕਫੇ ਨਾਲ ਦੋ ਵੱਖ-ਵੱਖ ਰਨ ਵੇਜ਼ ਉੱਪਰ ਉਤਰ ਗਈਆਂ ਤਾਂ ਏ. ਟੀ. ਸੀ. ਨੇ ਦੋਹਾਂ ਹਸਤੀਆਂ ਦਾ ਸੁਚਾਰੂ ਲਾਂਘਾ ਯਕੀਨੀ ਬਣਾ ਦਿੱਤਾ। ਵੀ. ਵੀ. ਆਈ. ਪੀ. ਦੀਆਂ ਸਰਗਰਮੀਆਂ ਦੌਰਾਨ ਏਅਰ ਟ੍ਰੈਫਿਕ ਕੰਟਰੋਲ ਸਾਰੀਆਂ ਕਮਰਸ਼ੀਅਲ ਉਡਾਣਾਂ ਦੀ ਰਵਾਨਗੀ ਅਤੇ ਲੈਂਡਿੰਗ ਬੰਦ ਕਰ ਦਿੰਦਾ ਹੈ।