6 ਹਜ਼ਾਰ ਕਰੋੜ ਦੇ ਘਪਲੇ ਦੇ ਮੁੱਖ ਦੋਸ਼ੀ ਨੂੰ ਆਬੂਧਾਬੀ ਤੋਂ ਵਾਪਸ ਭਾਰਤ ਲਿਆਉਣ ਦੀ ਤਿਆਰੀ
Thursday, Jan 19, 2023 - 11:10 AM (IST)
ਸ਼ਿਮਲਾ (ਸਿੰਗਟਾ)- 6 ਹਜ਼ਾਰ ਕਰੋੜ ਦੇ ਟੈਕਸ ਅਤੇ ਲੋਨ ਦੇ ਘਪਲੇ ਦੇ ਮੁੱਖ ਦੋਸ਼ੀ ਇੰਡੀਅਨ ਟੈਕਨੋਮੈਕ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਦਿੱਲੀ ਨਿਵਾਸੀ ਆਰ.ਕੇ. ਸ਼ਰਮਾ ਨੂੰ ਭਾਰਤ ਲਿਆਉਣ ਦੀਆਂ ਨਵੇਂ ਸਿਰੇ ਤੋਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਦੋਸ਼ੀ ਹੁਣ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂਧਾਬੀ ’ਚ ਰਹਿ ਰਿਹਾ ਹੈ। ਉਸ ਨੇ ਪਹਿਲਾਂ ਵੀ ਕਈ ਵਾਰ ਟਿਕਾਣਾ ਬਦਲਿਆ ਸੀ। ਉਸ ਨੂੰ ਹਿਮਾਚਲ ਲਿਆਉਣ ਲਈ ਸਟੇਟ ਸੀ.ਆਈ.ਡੀ. ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ ਗ੍ਰਹਿ ਮੰਤਰਾਲਾ ਰਾਹੀਂ ਵਿਦੇਸ਼ ਮੰਤਰਾਲਾ ਨੂੰ ਮੁੜ ਪੱਤਰ ਲਿਖਿਆ ਹੈ। ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਤੇਜ਼ ਕੀਤੀ ਜਾਵੇ। ਯੂ. ਏ. ਈ. ਨਾਲ ਭਾਰਤ ਦੀ ਹਵਾਲਗੀ ਸੰਧੀ ਹੈ। ਦੋਸ਼ੀ ਨੂੰ ਹਿਮਾਚਲ ਦੇ ਸਿਰਮੌਰ ਦੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੈ।
ਇੰਡੀਅਨ ਟੈਕਨੋਮੈਕ ਕੰਪਨੀ 6.5 ਕਰੋੜ ’ਚ ਨਿਲਾਮ
ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲਾ ਸਿਰਮੌਰ ਦੇ ਪਾਉਂਟਾ ਬਲਾਕ ਦੇ ਪਿੰਡ ਜਗਤਪੁਰ ’ਚ ਸਥਿਤ ਇੰਡੀਅਨ ਟੈਕਨੋਮੈਕ ਕੰਪਨੀ ਦੀ ਟੈਕਸ ਵਸੂਲੀ ਦੇ ਮਾਮਲੇ ’ਚ ਨਿਲਾਮੀ ਹੋ ਗਈ। 6 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ’ਚ ਫਸੀ ਇੰਡੀਅਨ ਟੈਕਨੋਮੈਕ ਕੰਪਨੀ ਨੂੰ ਖਰੀਦਣ ਲਈ ਖਰੀਦਦਾਰ ਸਵੇਰ ਤੋਂ ਹੀ ਕੰਪਨੀ ਕੰਪਲੈਕਸ ’ਚ ਪਹੁੰਚੇ। ਸਵੇਰੇ 11 ਵਜੇ ਕੰਪਨੀ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਹੋਈ। ਇੰਡੀਅਨ ਟੈਕਨੋਮੈਕ ਕੰਪਨੀ ਦੀਆਂ ਜਾਇਦਾਦਾਂ ਦੀ ਨਿਲਾਮੀ ਤੀਜੀ ਵਾਰ ਆਯੋਜਿਤ ਕਰਨੀ ਪਈ।