ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ
Friday, Jul 02, 2021 - 09:29 PM (IST)
ਨਵੀਂ ਦਿੱਲੀ - ਹੁਣ ਦੇਸ਼ ਵਿੱਚ ਗਰਭਵਤੀ ਔਰਤਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ। ਕੇਂਦਰ ਸਰਕਾਰ ਨੇ ਟੀਕਾਕਰਨ 'ਤੇ ਗਠਿਤ ਨੈਸ਼ਨਲ ਟੈਕਨਿਕਲ ਐਡਵਾਇਜ਼ਰੀ ਗਰੁਜ (NTAGI) ਦੀ ਸਿਫਾਰਿਸ਼ 'ਤੇ ਸਿਹਤ ਮੰਤਰਾਲਾ ਨੇ ਗਰਭਵਤੀ ਔਰਤਾਂ ਨੂੰ ਵੀ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗਰਭਵਤੀ ਔਰਤਾਂ ਹੁਣ ਕੋਵਿਨ 'ਤੇ ਰਜਿਸਟਰੇਸ਼ਨ ਤੋਂ ਬਾਅਦ ਜਾਂ ਸਿੱਧੇ ਕੋਰੋਨਾ ਟੀਕਾਕਰਨ ਕੇਂਦਰ ਵਿੱਚ ਜਾ ਕੇ ਵੈਕਸੀਨ ਲਵਾ ਸਕਦੀਆਂ ਹਨ।
ਇਹ ਵੀ ਪੜ੍ਹੋ- ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਸੰਵਿਧਾਨਕ ਸੰਕਟ ਦੱਸੀ ਵਜ੍ਹਾ
ਹਾਲ ਹੀ ਵਿੱਚ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਸੀ ਕਿ NTAGI ਦੀ ਸਿਫਾਰਿਸ਼ ਮੁਤਾਬਕ, ਗਰਭਵਤੀ ਔਰਤਾਂ ਲਈ ਟੀਕਾਕਰਨ ਸੁਰੱਖਿਅਤ ਹੈ। ਇਸ ਦੌਰਾਨ ਦੇਸ਼ ਵਿੱਚ ਸ਼ੁੱਕਰਵਾਰ ਤੱਕ 34 ਕਰੋੜ ਤੋਂ ਜ਼ਿਆਦਾ ਡੋਜ਼ ਲਗਾਏ ਜਾ ਚੁੱਕੇ ਹਨ।
ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਟੀਕੇ ਦੀ 34 ਕਰੋੜ ਤੋਂ ਜ਼ਿਆਦਾ ਖੁਰਾਕ ਦਿੱਤੀ ਜਾ ਚੁੱਕੀ ਹੈ। ਮੰਤਰਾਲਾ ਨੇ ਦੱਸਿਆ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 18-44 ਉਮਰ ਵਰਗ ਦੇ ਕੁਲ 9,41,03,985 ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ ਅਤੇ 22,73,477 ਨੇ ਦੂਜੀ ਖੁਰਾਕ ਵੀ ਲੈ ਲਈ ਹੈ।
ਇਹ ਵੀ ਪੜ੍ਹੋ- ਗੁਆਂਢੀਆਂ ਦੇ ਉੱਡੇ ਹੋਸ਼, ਘਰ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਗਲੀ ਸੜੀ ਲਾਸ਼
ਮੰਤਰਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸੱਤ ਵਜੇ ਤੱਕ ਮਿਲੀ ਰਿਪੋਰਟ ਮੁਤਾਬਕ 34,00,76,232 ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ 42 ਲੱਖ ਤੋਂ ਜ਼ਿਆਦਾ ਖੁਰਾਕ ਬੀਤੇ 24 ਘੰਟੇ ਵਿੱਚ ਦਿੱਤੀ ਗਈ। ਸਿਹਤ ਮੰਤਰਾਲਾ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਦੇ 167ਵੇਂ ਦਿਨ (ਇੱਕ ਜੁਲਾਈ) 42,64,123 ਖੁਰਾਕ ਦਿੱਤੀ ਗਈ, ਜਿਨ੍ਹਾਂ ਵਿਚੋਂ 32,80,998 ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਲਈ ਅਤੇ 9,83,125 ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਲਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।