ਸਰਕਾਰ ਦੀ ਲਾਪਰਵਾਹੀ! ਗਰਭਵਤੀ ਔਰਤ ਨੂੰ ਮੋਢਿਆਂ ''ਤੇ ਬਿਠਾ ਕੇ ਪਾਰ ਕਰਵਾਈ ਨਦੀ

Wednesday, Jul 12, 2017 - 01:54 PM (IST)

ਸਰਕਾਰ ਦੀ ਲਾਪਰਵਾਹੀ! ਗਰਭਵਤੀ ਔਰਤ ਨੂੰ ਮੋਢਿਆਂ ''ਤੇ ਬਿਠਾ ਕੇ ਪਾਰ ਕਰਵਾਈ ਨਦੀ

ਭੁਵਨੇਸ਼ਵਰ— ਗਰਭਵਤੀ ਔਰਤ ਦੇ ਆਪਣੇ ਰਿਸ਼ਤੇਦਾਰਾਂ ਦੇ ਮੋਢਿਆਂ 'ਤੇ ਨਦੀ ਪਾਰ ਕਰਨ ਦੇ ਮਾਮਲੇ 'ਚ ਓਡੀਸ਼ਾ ਸਰਕਾਰ ਨੇ ਬੁੱਧਵਾਰ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਔਰਤ ਨੂੰ ਰਾਏਗੜ੍ਹ ਜ਼ਿਲੇ ਦੇ ਇਕ ਹਸਪਤਾਲ 'ਚ ਡਿਲੀਵਰੀ ਲਈ ਲਿਜਾਇਆ ਜਾ ਰਿਹਾ ਸੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਪੀ. ਕੇ. ਜੇਨਾ ਨੇ ਪੱਤਰਕਾਰਾਂ ਨੂੰ ਕਿਹਾ, ਅਸੀਂ ਜ਼ਿਲਾ ਸਿਹਤ ਅਧਿਕਾਰੀਆਂ ਅਤੇ ਜ਼ਿਲਾ ਕਲੈਕਟਰ ਨੂੰ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਨੇ ਕਲਿਆਣਸਿੰਘਪੁਰ ਭਾਈਚਾਰਕ ਸਿਹਤ ਕੇਂਦਰ (ਸੀ.ਐੱਚ.ਸੀ.) 'ਚ ਮੰਗਲਵਾਰ ਦੀ ਸ਼ਾਮ ਇਕ ਲੜਕੀ ਨੂੰ ਜਨਮ ਦਿੱਤਾ ਹੈ ਅਤੇ ਮਾਂ ਅਤੇ ਬੱਚੀ ਦੋਹਾਂ ਦੀ ਹਾਲਤ ਸਥਿਰ ਹੈ। 
ਰਾਏਗੜ੍ਹ ਜ਼ਿਲੇ ਦੇ ਕਲਿਆਣਸਿੰਘਪੁਰ ਬਲਾਕ ਦੀ ਅੰਕੂ ਮੀਨਾਇਕਾ (30) ਨੂੰ ਮੰਗਲਵਾਰ ਦੀ ਸ਼ਾਮ ਦਰਦ ਸ਼ੁਰੂ ਹੋਈ ਸੀ। ਔਰਤ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਐਂਬੂਲੈਂਸ ਲਈ ਫੋਨ ਕੀਤਾ ਸੀ ਪਰ ਉਹ ਉਪਲੱਬਧ ਨਹੀਂ ਸੀ। ਪਰਿਵਾਰ ਦੇ ਇਕ ਮੈਂਬਰ ਨੇ ਕਿਹਾ, ਕੋਈ ਬਦਲ ਨਾ ਹੋਣ ਕਾਰਨ ਅਸੀਂ ਉਨ੍ਹਾਂ ਨੂੰ ਇਕ ਸਟਰੈਚਰ 'ਚ ਆਪਣੇ ਮੋਢਿਆਂ 'ਤੇ 2 ਕਿਲੋਮੀਟਰ ਤੱਕ ਪੈਦਲ ਲੈ ਕੇ ਗਏ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਨਾਗਾਵਲੀ ਨਦੀ ਨੂੰ ਪਾਰ ਕਰ ਕੇ ਜਾਣਾ ਪਿਆ, ਜਿਸ ਦਾ ਪਾਣੀ ਕਮਰ ਤੱਕ ਸੀ। ਪਿੰਡ 'ਚ ਨਾ ਕੋਈ ਪੱਕੀ ਸੜਕ ਹੈ ਅਤੇ ਨਾ ਹੀ ਨਦੀ 'ਤੇ ਕੋਈ ਪੁੱਲ। ਜ਼ਿਲਾ ਕਲੈਕਟਰ ਨੇ ਦੱਸਿਆ ਕਿ ਤਲਸਾਜਾ ਪਿੰਡ ਨੂੰ ਸੰਪਰਕ ਪ੍ਰਦਾਨ ਕਰਨ ਲਈ ਬੀਜੂ ਸੇਤੂ ਯੋਜਨਾ ਦੇ ਅਧੀਨ ਨਾਗਾਵਲੀ ਨਦੀ 'ਤੇ ਪੁੱਲ ਨਿਰਮਾਣ ਲਈ ਕਦਮ ਚੁੱਕੇ ਗਏ ਹਨ।


Related News