ਹਥਣੀ ਮਗਰੋਂ ਗਰਭਵਤੀ ਗਾਂ ਨਾਲ ਬੇਰਹਿਮੀ, ਵਿਸਫੋਟਕ ਭਰਿਆ ਖਾਣਾ ਖੁਆਇਆ, ਇਕ ਗ੍ਰਿਫਤਾਰ

Sunday, Jun 07, 2020 - 01:46 PM (IST)

ਹਥਣੀ ਮਗਰੋਂ ਗਰਭਵਤੀ ਗਾਂ ਨਾਲ ਬੇਰਹਿਮੀ, ਵਿਸਫੋਟਕ ਭਰਿਆ ਖਾਣਾ ਖੁਆਇਆ, ਇਕ ਗ੍ਰਿਫਤਾਰ

ਬਿਲਾਸਪੁਰ— ਬੀਤੇ ਕੁਝ ਦਿਨਾਂ ਤੋਂ ਦੇਸ਼ ਅੰਦਰ ਜਾਨਵਰਾਂ ਪ੍ਰਤੀ ਬੇਰਹਿਮੀ ਦੀਆਂ ਘਟਨਾਵਾਂ ਵੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ। ਬੇਜ਼ੁਬਾਨ ਜਾਨਵਰਾਂ ਪ੍ਰਤੀ ਅਜਿਹੇ ਰਵੱਈਏ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੇ ਹਨ। ਕੇਰਲ ਦੇ ਮਲਾਪਪੁਰਮ 'ਚ ਗਰਭਵਤੀ ਹਥਣੀ ਨਾਲ ਬੇਰਹਿਮੀ ਤੋਂ ਬਾਅਦ ਹਿਮਾਚਲ ਦੇ ਬਿਲਾਸਪੁਰ 'ਚ ਗਾਂ ਨਾਲ ਬੇਰਹਿਮੀ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗਰਭਵਤੀ ਗਾਂ ਨੂੰ ਵਿਸਫੋਟਕ ਨਾਲ ਭਰਿਆ ਖਾਣਾ ਖੁਆਉਣ ਦੇ ਮਾਮਲੇ ਵਿਚ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਗਾਂ ਦੇ ਮਾਲਕ ਗੁਰਦਿਆਲ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਗੁਆਂਢੀ ਨੰਦਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਓਧਰ ਬਿਲਾਸਪੁਰ ਦੇ ਐੱਸ. ਪੀ. ਦਿਵਾਕਰ ਸ਼ਰਮਾ ਨੇ ਦੱਸਿਆ ਇਕ ਆਈ. ਪੀ. ਸੀ. ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਸੈਕਸ਼ਨ-11) ਤਹਿਤ ਨੰਦਲਾਲ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਗਾਂ ਦਾ ਜਬਾੜਾ ਜ਼ਖਮੀ—
ਗਾਂ ਦੇ ਮਾਲਕ ਗੁਰਦਿਆਲ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਦੀ ਗਰਭਵਤੀ ਗਾਂ ਨੂੰ ਕਿਸੇ ਨੇ ਖਾਣੇ ਦੇ ਸਾਮਾਨ ਨਾਲ ਵਿਸਫੋਟਕ ਪਦਾਰਥ ਖੁਆ ਦਿੱਤਾ, ਜਿਸ ਨਾਲ ਉਸ ਦਾ ਜਬਾੜਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਉਸ ਨੂੰ ਇਸ ਬਦਮਾਸ਼ੀ ਦੇ ਪਿੱਛੇ ਆਪਣੇ ਗੁਆਂਢੀ ਨੰਦਲਾਲ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਸਬੰਧ ਵਿਚ ਇਕ ਵੀਡੀਓ ਫੁਟੇਜ਼ ਬਣਾਈ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਐੱਸ. ਪੀ. ਦਿਵਾਕਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਡਾਕਟਰਾਂ ਦੀ ਟੀਮ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ। ਡਾਕਟਰਾਂ ਨੇ ਦੇਖਿਆ ਕਿ ਗਾਂ ਦੇ ਮੂੰਹ ਅਤੇ ਜਬਾੜੇ ਵਿਚ ਗੰਭੀਰ ਸੱਟਾਂ ਆਈਆਂ ਹਨ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ।

ਦੱਸਣਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ, ਜਦੋਂ ਕੁਝ ਹੀ ਦਿਨ ਪਹਿਲਾਂ ਕੇਰਲ 'ਚ ਵੇਲੀਆਰ ਨਦੀ 'ਚ ਇਕ ਗਰਭਵਤੀ ਹਥਣੀ ਦੀ ਮੌਤ ਹੋ ਗਈ ਸੀ। ਉਸ ਨੂੰ ਕਿਸੇ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਭਰ 'ਚ ਹਥਣੀ ਦੀ ਦਰਦਨਾਕ ਮੌਤ 'ਤੇ ਲੋਕਾਂ ਵਲੋਂ ਗੁੱਸਾ ਜ਼ਾਹਰ ਕੀਤਾ ਗਿਆ।


author

Tanu

Content Editor

Related News