ਭਾਰਤ ’ਚ ਇਸ ਸਾਲ ਪ੍ਰੀ-ਮਾਨਸੂਨ ਸੀਜ਼ਨ ’ਚ ਗਰਮੀ ਨੇ ਤੋੜਿਆ 2016 ਦਾ ਰਿਕਾਰਡ
Friday, Jul 08, 2022 - 12:36 PM (IST)
ਨਵੀਂ ਦਿੱਲੀ (ਭਾਸ਼ਾ)– ਇਸ ਸਾਲ ਗਰਮੀ ਦੇ ਮੌਸਮ ਨੇ ਦੇਸ਼ ਵਿਚ ਮਾਨਸੂਨ ਤੋਂ ਪਹਿਲਾਂ ਦੂਜੇ ਸਭ ਤੋਂ ਗਰਮ ਮੌਸਮ ਦੇ ਤੌਰ ’ਤੇ 2016 ਦਾ ਰਿਕਾਰਡ ਤੋੜ ਦਿੱਤਾ ਜਦਕਿ ਸਰਦੀਆਂ ਦੇ ਮੌਸਮ ਜਾਂ ਮਾਨਸੂਨ ਬਾਅਦ ਦੇ ਮੌਸਮ ਵਿਚ ਤੇਜ਼ੀ ਨਾਲ ਤਾਪਮਾਨ ਵਧ ਰਿਹਾ ਹੈ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀ. ਐੱਸ. ਈ.) ਦੇ ਅਰਬਨ ਲੈਬ ਦੇ ਨਵੇਂ ਵਿਸ਼ਲੇਸ਼ਣ ਵਿਚ ਇਹ ਕਿਹਾ ਗਿਆ ਹੈ।
ਅਧਿਐਨ ਮੁਤਾਬਕ ਦਿੱਲੀ ਵਿਚ ਭੂ-ਸਤ੍ਹਾ ਦਾ ਤਾਪਮਾਨ 2010 ਤੋਂ ਸਭ ਤੋਂ ਵੱਧ ਰਿਹਾ ਹੈ ਅਤੇ ਸ਼ਹਿਰ ਵਿਚ ਤਾਪਮਾਨ ਦੇ ਸਾਰੇ 3 ਮਾਪਦੰਡਾਂ ’ਤੇ ਉਮੀਦ ਤੋਂ ਵਧ ਤਾਪਮਾਨ ਦਰਜ ਕੀਤਾ ਗਿਆ। ਗਰਮੀ ਵਧਣ ਦੇ ਰੁਝਾਨ ਨੂੰ ਸਮਝਣ ਦੀ ਕੋਸ਼ਿਸ਼ ਤਹਿਤ ਸੀ. ਐੱਸ. ਈ. ਨੇ ਸਤ੍ਹਾ ਹਵਾ ਤਾਪਮਾਨ, ਭੂ-ਸਤ੍ਹਾ ਤਾਪਮਾਨ ਅਤੇ ਸਾਪੇਖਿਕ ਨਮੀ (ਹੀਟ ਇੰਡੈਕਸ) ਦੀ ਤਾਪਮਾਨ ਰੁਝਾਨਾਂ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਹਵਾ ਤਾਪਮਾਨ 2010 ਦੀ ਤੁਲਨਾ ਵਿਚ 1.77 ਡਿਗਰੀ ਸੈਲਸੀਅਸ ਵਧ ਗਰਮ ਰਿਹਾ ਹੈ ਅਤੇ ਭੂ-ਸਤ੍ਹਾ ਤਾਪਮਾਨ 1.95 ਡਿਗਰੀ ਸੈਲਸੀਅਸ ਵਧ ਗਰਮ ਰਿਹਾ ਹੈ।
ਸੀ. ਐੱਸ. ਈ. ਦੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ ਔਸਤ ਹੀਟ ਇੰਡੈਕਸ ਜੂਨ 2022 ਵਿਚ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਮਾਰਚ ਅਤੇ ਅਪ੍ਰੈਲ ਦਾ ਮਹੀਨਾ ਆਮ ਤੌਰ ’ਤੇ ਆਮ ਰਿਹਾ ਪਰ ਮਈ ਵਿਚ ਕੁਝ ਕੁ ਥਾਵਾਂ ’ਤੇ ਮੀਂਹ ਦੀ ਵਾਛੜ ਪੈਣ ਦੇ ਨਾਲ ਨਮੀ ਵਧਣੀ ਸ਼ੁਰੂ ਹੋ ਗਈ। ਹਾਲਾਂਕਿ ਨਮੀ ਵਿਚ ਇਸ ਵਾਧੇ ਨੇ ਸ਼ਹਿਰ ਵਿਚ ਹੀਟ ਇੰਡੈਕਸ ਨੂੰ ਵਧਾ ਦਿੱਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਤਾਪਮਾਨ ਵਧਣ ਨਾਲ ਲੋਕਾਂ ਨੇ ਅਸਹਿਜਤਾ ਮਹਿਸੂਸ ਕੀਤੀ।
ਸੀ. ਐੱਸ. ਈ. ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਵਧ ਭੂ-ਸਤ੍ਹਾ ਤਾਪਮਾਨ 16 ਮਈ 2020 ਨੂੰ ਦਰਜ ਕੀਤਾ ਗਿਆ ਜਦੋਂ ਸ਼ਹਿਰ ਵਿਚ ਇਹ 53.9 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਾਅਦ ਮਈ 2022 ਵਿਚ ਸਭ ਤੋਂ ਵਧ ਭੂ-ਸਤ੍ਹਾ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ ਸਾਲਾਂ ਵਿਚ ਵੱਧ ਤੋਂ ਵੱਧ ਭੂ-ਸਤ੍ਹਾ ਤਾਪਮਾਨ 45 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਦਰਜ ਕੀਤਾ ਗਿਆ ਸੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਉਦਯੋਗਿਕ ਅਤੇ ਖੇਤੀ ਖੇਤਰ ਵਿਚ ਭੂ-ਸਤ੍ਹਾ ਤਾਪਮਾਨ ਵਿਚ ਮਾਰਚ ਤੋਂ ਮਈ ਦਰਮਿਆਨ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।