ਪ੍ਰਸ਼ਾਂਤ ਕਿਸ਼ੋਰ ਨੇ BJP ਦੀਆਂ ਹਿੰਦੂ ਪੱਖੀ ਨੀਤੀਆਂ ''ਤੇ ਵਿੰਨ੍ਹਿਆ ਨਿਸ਼ਾਨਾ
Tuesday, Nov 10, 2026 - 03:28 PM (IST)
ਨੈਸ਼ਨਲ ਡੈਸਕ- 'ਜਨ ਸੁਰਾਜ ਪਾਰਟੀ' ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਬੇਨੀਪੁਰ ਬਲਾਕ 'ਚ ਆਯੋਜਿਤ ਇੱਕ ਸਮਾਗਮ ਦੌਰਾਨ ਬ੍ਰਾਹਮਣ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੀਆਂ ਹਿੰਦੂਤਵ ਨੀਤੀਆਂ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।
ਕਿਸ਼ੋਰ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਫ਼ਿਰਕੂ ਰਾਜਨੀਤੀ, ਜਿਸ 'ਚ 20 ਫ਼ੀਸਦੀ ਮੁਸਲਿਮ ਵੋਟਰਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ, ਨੇ ਬ੍ਰਾਹਮਣਾਂ ਦਾ ਸਭ ਤੋਂ ਵੱਡਾ ਰਾਜਨੀਤਕ ਨੁਕਸਾਨ ਕੀਤਾ ਹੈ। ਕਿਸ਼ੋਰ ਨੇ ਮਿਥਿਲਾ ਖੇਤਰ ਦੇ ਬ੍ਰਾਹਮਣਾਂ ਨੂੰ ਅਤੀਤ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਕਾਂਗਰਸ ਦੇ ਦੌਰ 'ਚ ਬ੍ਰਾਹਮਣ, ਪੱਛੜੀਆਂ ਸ਼੍ਰੇਣੀਆਂ ਅਤੇ ਮੁਸਲਮਾਨ ਇਕੱਠੇ ਸੀ। ਉਨ੍ਹਾਂ ਕਿਹਾ, "ਲੋਕਤੰਤਰ 'ਚ ਸਰਕਾਰ ਬਣਾਉਣ ਲਈ ਵੋਟਾਂ ਦੀ ਗਿਣਤੀ ਚਾਹੀਦੀ ਹੈ। ਆਪਣੀ ਆਬਾਦੀ ਤੁਸੀਂ ਵਧਾ ਨਹੀਂ ਸਕਦੇ, ਪਰ ਭਾਜਪਾ ਦੇ ਫ਼ਿਰਕੂ ਏਜੰਡੇ ਨਾਲ ਜੁੜ ਕੇ ਤੁਸੀਂ 20 ਫ਼ੀਸਦੀ ਮੁਸਲਿਮ ਵੋਟਰਾਂ ਨੂੰ ਆਪਣੇ ਤੋਂ ਦੂਰ ਕਰ ਲਿਆ ਹੈ।
ਕਿਸ਼ੋਰ ਨੇ ਭਾਈਚਾਰੇ ਨੂੰ ਭਗਵਾਨ ਪਰਸ਼ੂਰਾਮ ਦੇ ਨਾਂ 'ਤੇ ਸ਼ਸਤਰ ਚੁੱਕਣ ਜਾਂ ਹਥਿਆਰਬੰਦ ਅੰਦੋਲਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, "ਬ੍ਰਾਹਮਣਾਂ ਦੀ ਤਾਕਤ ਗਿਆਨ ਅਤੇ ਕਲਮ ਵਿੱਚ ਹੈ, ਕੁਹਾੜੀ ਚਲਾਉਣ 'ਚ ਨਹੀਂ। ਜੇਕਰ ਤੁਹਾਡੇ ਬੱਚੇ ਪੜ੍ਹਨਗੇ ਨਹੀਂ ਤਾਂ ਉਹ ਅੱਗੇ ਨਹੀਂ ਵਧ ਸਕਣਗੇ। ਕੁਹਾੜੀ ਚੁੱਕਣ ਨਾਲ ਢਿੱਡ ਨਹੀਂ ਭਰੇਗਾ।"
ਉਨ੍ਹਾਂ ਬ੍ਰਾਹਮਣਾਂ ਨੂੰ ਸੋਸ਼ਲ ਮੀਡੀਆ 'ਤੇ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਫੈਲਾਉਣ ਅਤੇ ਗਾਲੀ-ਗਲੋਚ ਕਰਨ ਦੀ ਥਾਂ ਆਪਣੀ ਅਕਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ, ਤਾਂ ਜੋ ਰਾਜਨੀਤਕ ਤੌਰ 'ਤੇ ਉਨ੍ਹਾਂ ਆਪਣਾ ਵਜੂਦ ਮਜ਼ਬੂਤ ਹੋ ਸਕੇ ਤੇ ਕੋਈ ਵੀ ਹੋਰ ਵਿਅਕਤੀ ਜਾਂ ਪਾਰਟੀ ਉਨ੍ਹਾਂ ਦੇ ਦਿਮਾਗ 'ਚ ਅਜਿਹੇ ਫਿਰਕੂ ਵਿਚਾਰ ਨਾ ਭਰ ਸਕੇ।
