ਮਨਮੀਤ ਅਲੀਸ਼ੇਰ ਦੀ ਦਸਵੀਂ ਬਰਸੀ ਮੌਕੇ ਬ੍ਰਿਸਬੇਨ 'ਚ ਸ਼ਰਧਾਂਜਲੀਆਂ ਭੇਟ
Thursday, Oct 29, 2026 - 12:27 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਮਨਮੀਤ ਅਲੀਸ਼ੇਰ ਦੀ ਦਸਵੀਂ ਬਰਸੀ ਮੌਕੇ ਵੱਖ-ਵੱਖ ਥਾਵਾਂ ’ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਨ੍ਹਾਂ ਵਿੱਚ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ, ਯੂਨੀਅਨ ਆਗੂਆਂ, ਮੈਨਜਮੈਂਟ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਮਨਮੀਤ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਨੇ ਵੀ ਪਰਿਵਾਰ ਵੱਲੋਂ ਸਮਾਗਮਾਂ ਵਿੱਚ ਹਾਜ਼ਰੀ ਭਰੀ।

ਸਮਾਗਮਾਂ ਦੀ ਸ਼ੁਰੂਆਤ ਸ਼ੇਰਵੁੱਡ ਬੱਸ ਡਿਪੂ ਤੋਂ ਹੋਈ, ਜਿੱਥੇ ਸਵੇਰੇ 11 ਵਜੇ ਮਨਮੀਤ ਦੀ ਯਾਦ ਵਿੱਚ ਉਸ ਦੇ ਸਥਾਪਿਤ ਕੀਤੇ ਗਏ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਬੁਲਾਰਿਆ ਨੇ ਮਨਮੀਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੰਮਕਾਜੀ ਥਾਵਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਕਾਮੇ ਦੀ ਜਾਨ ਦੀ ਰਾਖੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਦੁਪਹਿਰ 12 ਵਜੇ ਮੂਰੂਕਾ ਸਥਿਤ ਲਕਸਵਰਥ ਪਲੇਸ (ਮਨਮੀਤ ਦਾ ਸਵਰਗ) ਵਿਖੇ ਸ਼ਰਧਾਂਜਲੀ ਸਮਾਗਮ ਹੋਇਆ। ਇਸ ਵਿੱਚ ਆਰ.ਟੀ.ਬੀ.ਯੂਨੀਅਨ ਦੇ ਆਗੂਆਂ, ਬੱਸ ਟਰਾਂਸਪੋਰਟ ਮੈਨੇਜਮੈਂਟ ਦੇ ਨੁਮਾਇੰਦਿਆਂ, ਵੱਖ-ਵੱਖ ਬੱਸ ਡਿਪੂਆਂ ਦੇ ਡਰਾਈਵਰਾਂ, ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ- ਈਰਾਨ 'ਤੇ ਨਵੇਂ ਹਮਲੇ ਦੀ ਤਿਆਰੀ ! ਟਰੰਪ ਨੇ ਆਪਣੇ ਸਹਿਯੋਗੀ ਦੇਸ਼ਾਂ ਨੂੰ ਕਰ'ਤਾ ਅਲਰਟ
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮਨਮੀਤ ਅਲੀਸ਼ੇਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸਨ ਅਤੇ ਉਸ ਦੀ ਯਾਦ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੀ ਰਹੇਗੀ। ਮਨਮੀਤ ਦੀ ਦਰਦਨਾਕ ਮੌਤ ਨੇ ਭਾਈਚਾਰੇ ਨੂੰ ਡੂੰਘਾ ਸਦਮਾ ਪਹੁੰਚਾਇਆ ਸੀ, ਜਿਸ ਦਾ ਦਰਦ ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ। ਹਾਜ਼ਰੀਨ ਨੇ ਮਨਮੀਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।ਮਨਮੀਤ ਦੀ ਯਾਦ ਵਿੱਚ 31 ਅਕਤੂਬਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਇਨਾਲਾ ਸਿੱਖ ਟੈਂਪਲ, ਬ੍ਰਿਸਬੇਨ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਦਾ ਆਯੋਜਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਨੂੰ ਬ੍ਰਿਸਬੇਨ ਵਿਖੇ ਬੱਸ ਡਰਾਈਵਰ ਵਜੋਂ ਡਿਊਟੀ ਨਿਭਾਉਂਦਿਆਂ ਮਨਮੀਤ ਅਲੀਸ਼ੇਰ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਮੌਤ ਨਾਲ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਨੂੰ ਡੂੰਘਾ ਸਦਮਾ ਪਹੁੰਚਿਆ ਸੀ। ਦਸ ਸਾਲ ਬੀਤ ਜਾਣ ਤੋਂ ਬਾਅਦ ਵੀ ਮਨਮੀਤ ਅਲੀਸ਼ੇਰ ਦੀ ਯਾਦ ਭਾਈਚਾਰੇ ਦੇ ਦਿਲਾਂ ਵਿੱਚ ਵੱਸਦੀ ਹੈ ਅਤੇ ਉਸ ਦੀ ਬਰਸੀ ਮੌਕੇ ਕੀਤੇ ਜਾਂਦੇ ਸਮਾਗਮ ਕੰਮਕਾਜੀ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੁਨੇਹਾ ਦਿੰਦੇ ਹਨ।ਇਸ ਮੌਕੇ ਹੋਰਨਾ ਤੋ ਇਲਾਵਾ ਅਮਿਤ ਅਲੀਸ਼ੇਰ, ਵਰਿੰਦਰ ਅਲੀਸ਼ੇਰ, ਜਸਪਾਲ ਸੰਧੂ, ਮਨਮੋਹਨ ਸਿੰਘ, ਅਮਨ ਭੰਗੂ, ਕੌਸਲਰ ਏਜਲਾ ਓਵਨ, ਪਿੰਕੀ ਸਿੰਘ, ਨਵਦੀਪ ਸਿੰਘ, ਮਨਮੋਹਨ ਰੰਧਾਵਾ, ਵਿਜੈ ਗਰੇਵਾਲ ਤੋ ਇਲਾਵਾ ਹੋਰ ਵੀ ਪਤਵੰਤੇ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
