ਬੰਗਾਲ ’ਚ BJP ਨਹੀਂ ਪਾਰ ਕਰ ਪਾਈ 100 ਦਾ ਅੰਕੜਾ, ਫਿਰ ਵੀ ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਸੰਨਿਆਸ ਦਾ ਐਲਾਨ

05/02/2021 5:51:19 PM

ਨਵੀਂ ਦਿੱਲੀ– ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਜ਼ਬਰਦਸਤ ਜਿੱਤ ਹੁੰਦੀ ਵਿਖਾਈ ਦੇ ਰਹੀ ਹੈ। ਤ੍ਰਿਣਮੂਲ ਕਾਂਗਰਸ ਨੂੰ ਭਾਰੀ ਬਹੁਮਤ ਮਿਲ ਰਿਹਾ ਹੈ ਤਾਂ ਉਥੇ ਹੀ ਭਾਜਪਾ 100 ਦਾ ਅੰਕੜਾ ਵੀ ਪਾਰ ਨਹੀਂ ਕਰ ਪਾਈ। ਇਸ ਵਿਚਕਾਰ ਰਣਨੀਤਿਕਾਰ ਪ੍ਰਸ਼ਾਂਤ ਕਿਸ਼ੋਰ ਸੁਰਖੀਆਂ ’ਚ ਹਨ। ਦਰਅਸਲ, ਉਨ੍ਹਾਂ ਹੁਣ ਇਸ ਕੰਮ ਤੋਂ ਸੰਨਿਆਸ ਲੈਣ ਦੀ ਗੱਲ ਕਹੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਹੁਣ ਉਹ ਅੱਗੇ ਇਹ ਕੰਮ ਨਹੀਂ ਕਰਨਗੇ ਯਾਨੀ ਚੋਣ ਪ੍ਰਬੰਧਨ ਦਾ ਜੋ ਕੰਮ ਉਹ ਕਰਦੇ ਆਏ ਹਨ, ਹੁਣ ਉਸ ਤੋਂ ਸੰਨਿਆਸ ਲੈ ਰਹੇ ਹਨ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਪੀ.ਕੇ. ਨੇ ਕਿਹਾ ਕਿ ਹੁਣ ਮੈਂ ਆਪਣੀ ਸੀਟ ਖਾਲੀ ਕਰ ਰਿਹਾ ਹਾਂ।

ਦੱਸ ਦੇਈਏ ਕਿ ਕਿਸ਼ੋਰ ਨੇ ਚੋਣਾਂ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਬੰਗਾਲ ’ਚ ਭਾਜਪਾ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ ਅਤੇ ਜੇਕਰ ਅਜਿਹਾ ਹੋ ਗਿਆ ਤਾਂ ਉਹ ਸੰਨਿਆਸ ਲੈ ਲੈਣਗੇ। ਹਾਲਾਂਕਿ ਭਾਜਪਾ ਬੰਗਾਲ ’ਚ 100 ਤੋਂ ਹੇਠਾਂ ਰਹਿ ਗਈ ਹੈ, ਫਿਰ ਵੀ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਕਿਹਾ ਹੈ ਹੁਣ ਤਕ ਲੋਕ ਮੈਨੂੰ ਜਿਸ ਰੋਲ ’ਚ ਵੇਖਦੇ ਆ ਰਹੇ ਹਨ ਉਹ ਰੋਲ ਮੈਂ ਨਹੀਂ ਨਿਭਾਵਾਂਗਾ। ਪੀ.ਕੇ. ਨੇ ਕਿਹਾ ਕਿ ਮੈਂ ਕਦੇ ਵੀ ਇਸ ਲਾਈਨ ’ਚ ਨਹੀਂ ਆਉਣਾ ਚਾਹੁੰਦਾ ਸੀ ਪਰ ਆ ਗਿਆ ਪਰ ਹੁਣ ਮੇਰਾ ਕੰਮ ਪੂਰਾ ਹੋ ਗਿਆ ਹੈ, ਇਸ ਲਈ ਆਪਣੀ ਸੀਟ ਖਾਲੀ ਕਰ ਰਿਹਾ ਹਾਂ। 

ਪੀ.ਕੇ. ਨੇ ਕਿਹਾ ਕਿ ਆਈਪੈਕ ’ਚ ਮੇਰੇ ਤੋਂ ਕਾਫੀ ਜ਼ਿਆਦਾ ਕਾਬਿਲ ਲੋਕ ਹਨ ਅਤੇ ਮੈਨੂੰ ਪਤਾ ਹੈ ਕਿ ਉਹ ਮੇਰੇ ਨਾਲੋਂ ਜ਼ਿਆਦਾ ਚੰਗਾ ਕੰਮ ਕਰਨਗੇ। ਇਸ ਲਈ ਮੈਨੂੰ ਲੱਗਾ ਕਿ ਹੁਣ ਬ੍ਰੇਕ ਲੈਣਾ ਚਾਹੀਦਾ ਹੈ। ਹੁਣ ਉਹ ਕੀ ਕੰਮ ਕਰਨਗੇ ਦੇ ਸਵਾਲ ’ਤੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਮੈਨੂੰ ਕੁਝ ਸਮਾਂ ਦਿਓ, ਇਸ ਬਾਰੇ ਮੈਨੂੰ ਸੋਚਣਾ ਪਵੇਗਾ। ਮੈਂ ਕੁਝ ਤਾਂ ਕਰਾਂਗਾ ਪਰ ਕੀ, ਅਜੇ ਸੋਚਿਆ ਨਹੀਂ ਹੈ। ਕਿਸ਼ੋਰ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਬ੍ਰੇਕ ਲੈਣਾ ਚਾਹੁੰਦੇ ਸਨ ਪਰ ਫਿਰ ਬੰਗਾਲ ਦਾ ਕੰਮ ਸੰਭਾਲ ਲਿਆ। ਬੰਗਾਲ ’ਚ ਕੰਮ ਕਰਦੇ ਹੋਏ ਲੱਗਾ ਕਿ ਇਹੀ ਸਹੀ ਸਮਾਂ ਹੈ ਬ੍ਰੇਕ ਦਾ। 


Rakesh

Content Editor

Related News