ਪ੍ਰਸ਼ਾਂਤ ਕਿਸ਼ੋਰ ਨੇ ਮਹਾਤਮਾ ਗਾਂਧੀ ਦੇ ਆਸ਼ਰਮ ’ਚ ਰੱਖਿਆ ਮੌਨ ਵਰਤ
Thursday, Nov 20, 2025 - 11:36 PM (IST)
ਪਟਨਾ, (ਭਾਸ਼ਾ)- ਰਾਜਨੀਤਿਕ ਰਣਨੀਤੀਕਾਰ ਤੋਂ ਨੇਤਾ ਬਣੇ ਪ੍ਰਸ਼ਾਂਤ ਕਿਸ਼ੋਰ (48) ਨੇ ਹਾਲ ’ਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਜਨ ਸੁਰਾਜ ਪਾਰਟੀ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਵੀਰਵਾਰ ਨੂੰ ਇਕ ਦਿਨ ਦਾ ਮੌਨ ਵਰਤ ਰੱਖਿਆ। ਜਨ ਸੁਰਾਜ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਪ੍ਰਸ਼ਾਂਤ ਪੱਛਮੀ ਚੰਪਾਰਣ ਜ਼ਿਲੇ ’ਚ ਸਥਿਤ ਭੀਤੀਹਰਵਾ ਆਸ਼ਰਮ ਪਹੁੰਚੇ ਅਤੇ ਮੌਨ ਵਰਤ ਰੱਖਿਆ। ਇਸ ਆਸ਼ਰਮ ਨੂੰ ਮਹਾਤਮਾ ਗਾਂਧੀ ਵੱਲੋਂ ਲੱਗਭਗ ਇਕ ਸਦੀ ਪਹਿਲਾਂ ਸਥਾਪਤ ਕੀਤਾ ਗਿਆ ਸੀ।
ਮਹਾਤਮਾ ਗਾਂਧੀ ਪ੍ਰਤੀ ਡੂੰਘੀ ਸਨਮਾਨ ਭਾਵਨਾ ਰੱਖਣ ਲਈ ਜਾਣੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਨੇ ਤਿੰਨ ਸਾਲ ਪਹਿਲਾਂ ਇੱਥੋਂ 3,500 ਕਿਲੋਮੀਟਰ ਲੰਮੀ ਪਦ-ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜੋ ਪਿਛਲੇ ਸਾਲ ਗਾਂਧੀ ਜੈਅੰਤੀ ਵਾਲੇ ਦਿਨ ਜਨ ਸੁਰਾਜ ਪਾਰਟੀ ਦੇ ਗਠਨ ਨਾਲ ਖ਼ਤਮ ਹੋਈ ਸੀ। ਕਿਸ਼ੋਰ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਮਨੋਜ ਭਾਰਤੀ ਸਮੇਤ ਹੋਰ ਨੇਤਾਵਾਂ ਨਾਲ ਆਸ਼ਰਮ ਪੁੱਜੇ। ਉਨ੍ਹਾਂ ਉੱਥੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾਂਜਲੀ ਭੇਟ ਕੀਤੀ।
