ਪ੍ਰਸ਼ਾਂਤ ਕਿਸ਼ੋਰ ਕਦੇ ''ਬੁਲਡੋਜ਼ਰ'' ਅਤੇ ''ਮੌਬ ਲਿੰਚਿੰਗ'' ''ਤੇ ਨਹੀਂ ਬੋਲਦੇ : ਮਨੋਜ ਝਾਅ

Tuesday, Sep 03, 2024 - 06:15 PM (IST)

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਪਾਰਟੀ ਨੇਤਾ ਤੇਜਸਵੀ ਯਾਦਵ ਨੂੰ ਲੈ ਕੇ ਦਿੱਤੇ ਬਿਆਨ ਲਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ 'ਮੌਬ ਲਿੰਚਿੰਗ' ਅਤੇ 'ਬੁਲਡੋਜ਼ਰ' ਵਰਗੇ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਚੁੱਪ 'ਤੇ ਸਵਾਲ ਚੁੱਕਿਆ। ਕੁਝ ਮਹੀਨੇ ਪਹਿਲਾਂ ਆਪਣੀ 'ਜਨ ਸੁਰਾਜ ਪਾਰਟੀ' ਦੀ ਸਥਾਪਨਾ ਕਰਨ ਵਾਲੇ ਕਿਸ਼ੋਰ ਨੇ ਬਿਹਾਰ ਦੇ ਭੋਜਪੁਰ 'ਚ ਇਕ ਸਭਾ 'ਚ ਰਾਜ ਦੇ ਸਾਬਕਾ ਉੱਪ ਮੁੱਖ ਮੰਤਰੀ ਯਾਦਵ ਦੀ ਯੋਗਤਾ 'ਤੇ ਸਵਾਲ ਚੁੱਕਿਆ ਸੀ। ਕਿਸ਼ੋਰ ਨੇ ਕਿਹਾ ਸੀ ਕਿ 'ਇਕ ਨੌਵੀਂ ਫ਼ੇਲ' ਬਿਹਾਰ ਦਾ ਵਿਕਾਸ ਕਰ ਰਿਹਾ ਹੈ। ਝਾਅ ਨੇ ਕਿਹਾ,''ਪ੍ਰਸ਼ਾਂਤ ਕਿਸ਼ੋਰ ਕਹਿੰਦੇ ਹਨ ਕਿ ਤੇਜਸਵੀ ਜੀ ਦਾ ਕੋਈ ਮਹੱਤਵ ਨਹੀਂ ਹੈ ਪਰ ਜਦੋਂ ਉਹ 2 ਘੰਟੇ ਤੱਕ ਬੋਲਦੇ ਹਨ ਤਾਂ ਉਸ 'ਚੋਂ ਇਕ ਘੰਟਾ 54 ਮਿੰਟ ਤੇਜਸਵੀ ਬਾਰੇ ਬੋਲਦੇ ਹਨ।'' 

ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 11ਵਾਂ ਸਾਲ ਹੈ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਗਭਗ 19 ਸਾਲਾਂ ਤੋਂ ਇਸ ਅਹੁਦੇ 'ਤੇ ਹਨ ਪਰ ਉਨ੍ਹਾਂ ਨੂੰ ਤੇਜਸਵੀ ਜੀ ਨਾਲ ਸਮੱਸਿਆ ਹੈ। ਉਨ੍ਹਾਂ ਦੇ (ਕਿਸ਼ੋਰ ਦੇ) ਬਿਆਨਾਂ 'ਚ ਵੀ ਪੱਖਪਾਤ ਹੈ।'' ਅਗਲੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਮੁਸਲਿਮ ਉਮੀਦਵਾਰਾਂ ਨੂੰ ਪ੍ਰਮੁੱਖਤਾ ਨਾਲ ਮੌਕਾ ਦਿੱਤੇ ਜਾਣ ਦੇ ਕਿਸ਼ੋਰ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਝਾਅ ਨੇ ਕਿਹਾ,''ਉਹ ਮੁਸਲਮਾਨਾਂ ਬਾਰੇ ਗੱਲ ਕਰਦੇ ਹਨ ਪਰ ਮੈਂ ਉਨ੍ਹਾਂ ਨੂੰ ਕਦੇ ਬੁਲਡੋਜ਼ਰ 'ਤੇ ਗੱਲ ਕਰਦੇ ਨਹੀਂ ਸੁਣਿਆ, ਜਦੋਂ ਮੁਸਲਮਾਨਾਂ ਦੇ ਘਰ ਸੁੱਟੇ ਜਾਂਦੇ ਹਨ। ਕਦੇ ਉਨ੍ਹਾਂ ਨੂੰ ਮੁਸਲਮਾਨਾਂ ਦੀ ਸੁਰੱਖਿਆ 'ਤੇ ਜਾਂ ਮੌਬ ਲਿੰਚਿੰਗ 'ਤੇ ਗੱਲ ਕਰਦੇ ਨਹੀਂ ਸੁਣਿਆ।'' ਤੇਜਸਵੀ ਯਾਦਵ ਨੇ ਦਿੱਲੀ ਦੇ ਆਰ.ਕੇ. ਪੁਰਮ ਸਥਿਤ ਦਿੱਲੀ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਸੀ ਅਤੇ ਖੇਡ 'ਚ ਕਰੀਅਰ ਬਣਾਉਣ ਲਈ 10ਵੀਂ ਜਮਾਤ ਦੀ ਪ੍ਰੀਖਿਆ ਨਹੀਂ ਦਿੱਤੀ ਸੀ। ਉਨ੍ਹਾਂ ਦੀ ਚੋਣ ਦਿੱਲੀ ਦੀ ਅੰਡਰ-17 ਅਤੇ ਅੰਡਰ-19 ਕ੍ਰਿਕਟ ਟੀਮ 'ਚ ਹੋ ਗਈ ਸੀ ਅਤੇ ਉਹ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ 'ਚ ਵੀ ਖਿਡਾਰੀ ਵਜੋਂ ਚੁਣੇ ਗਏ ਸਨ। ਕਿਸ਼ੋਰ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ 243 ਮੈਂਬਰੀ ਬਿਹਾਰ ਵਿਧਾਨ ਸਭਾ 'ਚ ਘੱਟੋ-ਘੱਟ 40 ਮੁਸਲਮਾਨਾਂ ਨੂੰ ਮੌਕਾ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News