ਸਪੀਕਰ ਓਮ ਬਿਰਲਾ ਦਾ ਵੱਡਾ ਫ਼ੈਸਲਾ, ਨਹੀਂ ਜਾਣਗੇ ਲੋਕ ਸਭਾ
Tuesday, Feb 10, 2026 - 06:03 PM (IST)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਕ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਵਿਰੋਧੀ ਧਿਰ ਵੱਲੋਂ ਉਨ੍ਹਾਂ ਦੇ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ (ਹਟਾਉਣ ਦੇ ਪ੍ਰਸਤਾਵ) 'ਤੇ ਕੋਈ ਫੈਸਲਾ ਨਹੀਂ ਹੋ ਜਾਂਦਾ, ਉਹ ਸਦਨ 'ਚ ਨਹੀਂ ਜਾਣਗੇ। ਸੂਤਰਾਂ ਅਨੁਸਾਰ, ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਇਸ ਪ੍ਰਸਤਾਵ 'ਤੇ ਸਦਨ 'ਚ ਚਰਚਾ ਅਤੇ ਫੈਸਲਾ ਨਹੀਂ ਹੁੰਦਾ, ਉਹ ਲੋਕ ਸਭਾ ਦੀ ਕਾਰਵਾਈ 'ਚ ਹਿੱਸਾ ਨਹੀਂ ਲੈਣਗੇ।
ਸੂਤਰਾਂ ਅਨੁਸਾਰ, ਹਾਲਾਂਕਿ ਸੰਸਦੀ ਨਿਯਮਾਂ 'ਚ ਅਜਿਹੀ ਕੋਈ ਕਾਨੂੰਨੀ ਪਾਬੰਦੀ ਜਾਂ ਮਜ਼ਬੂਰੀ ਨਹੀਂ ਹੈ, ਫਿਰ ਵੀ ਓਮ ਬਿਰਲਾ ਨੇ ਨੈਤਿਕਤਾ ਦੇ ਆਧਾਰ 'ਤੇ ਖੁਦ ਹੀ ਇਹ ਫੈਸਲਾ ਲਿਆ ਹੈ। ਹਾਲਾਂਕਿ ਸਰਕਾਰ ਜਾਂ ਵਿਰੋਧੀ ਧਿਰ ਵੱਲੋਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ਨੇ ਆਪਣਾ ਰੁਖ ਸਪੱਸ਼ਟ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ 9 ਮਾਰਚ ਨੂੰ ਚਰਚਾ ਹੋ ਸਕਦੀ ਹੈ। 13 ਫਰਵਰੀ ਨੂੰ ਬਜਟ ਸੈਸ਼ਨ ਦੇ ਮੌਜੂਦਾ ਸੈਸ਼ਨ ਦਾ ਆਖ਼ਰੀ ਦਿਨ ਹੈ। ਇਸ ਤੋਂ ਬਾਅਦ 8 ਮਾਰਚ ਤੱਕ ਸਦਨ ਦੀ ਕਾਰਵਾਈ ਮੁਲਤਵੀ ਰਹੇਗੀ। ਇਸ ਪ੍ਰਕਿਰਿਆ ਦੇ ਤਹਿਤ, ਸਦਨ 'ਚ ਘੱਟੋ-ਘੱਟ 50 ਸੰਸਦ ਮੈਂਬਰਾਂ ਦਾ ਖੜ੍ਹੇ ਹੋ ਕੇ ਸਮਰਥਨ ਕਰਨਾ ਲਾਜ਼ਮੀ ਹੈ। ਜੇਕਰ ਇੰਨੇ ਮੈਂਬਰਾਂ ਦਾ ਸਮਰਥਨ ਮਿਲ ਜਾਂਦਾ ਹੈ, ਤਾਂ ਉਸੇ ਦਿਨ ਚਰਚਾ ਕਰਵਾਈ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਕਾਂਗਰਸ ਨੇ ਅੱਜ ਯਾਨੀ ਮੰਗਲਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਿਰੁੱਧ ਅਵਿਸ਼ਵਾਸ ਮਤੇ ਦਾ ਨੋਟਿਸ ਪੇਸ਼ ਕੀਤਾ ਹੈ। ਇਸ 'ਤੇ 118 ਸੰਸਦ ਮੈਂਬਰਾਂ ਨੇ ਦਸਤਖਤ ਕੀਤੇ ਹਨ। ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਦੱਸਿਆ ਕਿ ਨੋਟਿਸ ਮੰਗਲਵਾਰ ਦੁਪਹਿਰ 1.14 ਵਜੇ ਪੇਸ਼ ਕੀਤਾ ਗਿਆ। ਹੇਠਲੇ ਸਦਨ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ, ਕਾਂਗਰਸ ਦੇ ਚੀਫ਼ ਵ੍ਹਿਪ ਕੋਡਿਕੁਨਿਲ ਸੁਰੇਸ਼, ਐਮਪੀ ਮੁਹੰਮਦ ਜਾਵੇਦ ਅਤੇ ਹੋਰਾਂ ਨੇ ਲੋਕ ਸਭਾ ਸਕੱਤਰੇਤ ਨੂੰ ਨੋਟਿਸ ਸੌਂਪਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
