ਸ਼ਰਦ ਪਵਾਰ ਨੂੰ ਮੁੜ ਮਿਲੇ ਪ੍ਰਸ਼ਾਂਤ ਕਿਸ਼ੋਰ, ਭਾਜਪਾ ਖ਼ਿਲਾਫ਼ ਤੀਸਰੇ ਮੋਰਚੇ ਦੀਆਂ ਸੰਭਾਵਨਾਵਾਂ ਨੇ ਫੜ੍ਹਿਆ ਜ਼ੋਰ
Tuesday, Jun 22, 2021 - 10:36 AM (IST)
ਨਵੀਂ ਦਿੱਲੀ– ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸੋਮਵਾਰ ਨੂੰ ਇਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਭਾਜਪਾ ਦਾ ਮੁਕਾਬਲਾ ਕਰਨ ਲਈ ਤੀਸਰੇ ਮੋਰਚੇ ਦੇ ਗਠਨ ਦੀਆਂ ਸੰਭਾਵਨਾਵਾਂ ਬਾਰੇ ਅਟਕਲਾਂ ਦੇ ਜ਼ੋਰ ਫੜਣ ਵਿਚਾਲੇ ਇਸ ਮਹੀਨੇ ਇਨ੍ਹਾਂ ਦੋਵਾਂ ਦੀ ਇਹ ਦੂਜੀ ਮੁਲਾਕਾਤ ਹੈ। ਸੂਤਰਾਂ ਨੇ ਦੱਸਿਆ ਕਿ ਕਿਸ਼ੋਰ ਤੇ ਪਵਾਰ ਵਿਚਾਲੇ ਰਕਾਂਪਾ ਪ੍ਰਧਾਨ ਦੀ ਰਿਹਾਇਸ਼ ’ਤੇ ਬੰਦ ਕਮਰੇ ’ਚ ਗੱਲਬਾਤ ਹੋਈ ਤੇ ਇਹ ਲਗਭਗ ਡੇਢ ਘੰਟੇ ਤੱਕ ਚੱਲੀ। ਪਵਾਰ ਦੀ ਰਿਹਾਇਸ਼ ’ਤੇ ਰਕਾਂਪਾ ਦੀ ਆਮ ਸਭਾ ਦੀ ਪ੍ਰਸਤਾਵਿਤ ਬੈਠਕ ਤੋਂ ਇਕ ਦਿਨ ਪਹਿਲਾਂ ਇਹ ਮੁਲਾਕਾਤ ਹੋਈ।
ਕਿਸ਼ੋਰ ਨੇ ਹਾਲ ਹੀ ’ਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ 11 ਜੂਨ ਨੂੰ ਵੀ ਪਵਾਰ ਨੂੰ ਮਿਲੇ ਸਨ, ਜਿਸ ਤੋਂ ਬਾਅਦ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀ ਚਰਚਾ ਨੇ ਜ਼ੋਰ ਫੜਿਆ ਸੀ। ਸੂਤਰਾਂ ਅਨੁਸਾਰ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਹੁਣ ਤ੍ਰਿਣਮੂਲ ਕਾਂਗਰਸ ਦੇ ਨੇਤਾ ਯਸ਼ਵੰਤ ਸਿਨਹਾ, ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾਅ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦੇ ਵੀ ਮੰਗਲਵਾਰ ਨੂੰ ਪਵਾਰ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।