ਭਾਜਪਾ ਦਾ ਮਮਤਾ ਬੈਨਰਜੀ ''ਤੇ ਤੰਜ, ਕਿਹਾ- ਪ੍ਰਸ਼ਾਂਤ ਕਿਸ਼ੋਰ ਨੇ ਵੀ ਛੱਡਿਆ ''ਦੀਦੀ'' ਦਾ ਸਾਥ

Tuesday, Mar 02, 2021 - 05:18 PM (IST)

ਨਵੀਂ ਦਿੱਲੀ- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਸਲਾਹਕਾਰ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ 'ਤੇ ਤੰਜ ਕੱਸਿਆ ਅਤੇ ਕਿਹਾ ਕਿ ਹੁਣ ਤਾਂ ਉਨ੍ਹਾਂ ਨੇ (ਕਿਸ਼ੋਰ ਨੇ) ਵੀ 'ਦੀਦੀ' ਦਾ ਸਾਥ ਛੱਡ ਦਿੱਤਾ ਹੈ। ਭਾਜਪਾ ਹੈੱਡ ਕੁਆਰਟਰ 'ਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਇਕ ਸਵਾਲ ਦੇ ਜਵਾਬ 'ਚ ਪਾਰਟੀ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ,''ਪ੍ਰਸ਼ਾਂਤ ਨੇ ਵੀ ਦੀਦੀ ਦਾ ਸਾਥ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਚੋਣ ਨਤੀਜੇ ਐਲਾਨ ਹੋਣ, ਦੀਦੀ ਦੇ ਸਭ ਤੋਂ ਵੱਡੇ ਸਲਾਹਕਾਰ ਘਰ ਛੱਡ ਕੇ ਦੂਜੇ ਦੇ ਘਰ ਜਾ ਰਹੇ ਹਨ।'' ਦੱਸਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਮੁਖੀ ਰਣਨੀਤੀਕਾਰ ਦੇ ਰੂਪ 'ਚ ਕੰਮ ਕਰ ਰਹੇ ਹਨ। ਪੱਛਮੀ ਬੰਗਾਲ 'ਚ 27 ਮਾਰਚ ਤੋਂ 8 ਪੜਾਵਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਹਾਲ ਦੇ ਸਾਲਾਂ 'ਚ ਉਹ ਕਈ ਵਿਧਾਨ ਸਭਾ ਚੋਣਾਂ 'ਚ ਭਾਜਪਾ ਵਿਰੋਧੀ ਦਲਾਂ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਐਡਵਾਈਜ਼ਰ ਨਿਯੁਕਤ

ਪਾਤਰਾ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦਾ ਅਮਰਿੰਦਰ ਸਿੰਘ ਨਾਲ ਜਾਣਾ ਆਪਣੇ ਆਪ 'ਚ ਬਹੁਤ ਕੁਝ ਕਹਿੰਦਾ ਹੈ। ਉਨ੍ਹਾਂ ਕਿਹਾ,''ਅਮਿਤ ਸ਼ਾਹ (ਕੇਂਦਰੀ ਗ੍ਰਹਿ ਮੰਤਰੀ) ਅਤੇ ਜੇ.ਪੀ. ਨੱਢਾ (ਭਾਜਪਾ ਪ੍ਰਧਾਨ) ਹਰ ਵਾਰ ਕਹਿੰਦੇ ਹਨ ਕਿ ਬੰਗਾਲ 'ਚ ਭਾਜਪਾ ਦੀਆਂ ਸੀਟਾਂ 200 ਪਾਰ ਹੋਣਗੀਆਂ। ਅੱਜ ਹਰ ਕੋਈ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਅਤੇ ਜੋ ਸਿਆਸੀ ਸਲਾਹਕਾਰ ਹੈ, ਉਹ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂੰ ਹੈ।'' ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਖ਼ੁਦ ਇਹ ਐਲਾਨ ਕੀਤਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਉਨ੍ਹਾਂ ਦਾ ਪ੍ਰਧਾਨ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਕਾਫ਼ੀ ਮਹੱਤਵ ਰੱਖਦੀ ਹੈ, ਕਿਉਂਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਨੁੰ ਸਲਾਹਕਾਰ ਨਿਯੁਕਤ ਕਰ ਕੇ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ : ਅਕਾਲੀ ਦਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News