ਪ੍ਰਣਬ ਮੁਖਰਜੀ ਦੀ ਭੈਣ ਨੇ ਕੀਤੀ ਸੀ ਇਹ ਭੱਵਿਖਬਾਣੀ, ਜੋ ਹੋਈ ਸੱਚ ਸਾਬਤ
Tuesday, Sep 01, 2020 - 10:35 AM (IST)

ਨਵੀਂ ਦਿੱਲੀ— ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ 84 ਸਾਲ ਦੀ ਉਮਰ 'ਚ ਸੋਮਵਾਰ ਭਾਵ ਕੱਲ੍ਹ ਦਿਹਾਂਤ ਹੋ ਗਿਆ। ਦਿੱਲੀ ਦੇ ਆਰਮੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਪ੍ਰਣਬ ਮੁਖਰਜੀ ਦੀ ਸਿਆਸਤ 'ਚ ਪਕੜ ਅਤੇ ਵਿਵਹਾਰ ਤੋਂ ਹਰ ਕੋਈ ਪ੍ਰਭਾਵਿਤ ਸੀ। ਇਹ ਹੀ ਕਾਰਨ ਹੈ ਕਿ ਜਦੋਂ ਪ੍ਰਣਬ ਮੁਖਰਜੀ ਪਹਿਲੀ ਵਾਰ ਸਿਆਸਤ ਵਿਚ ਆਏ ਤਾਂ ਉਨ੍ਹਾਂ ਦੀ ਭੈਣ ਅੰਨਪੂਰਣਾ ਨੇ ਉਨ੍ਹਾਂ ਦੇ ਰਾਸ਼ਟਰਪਤੀ ਬਣਨ ਦੀ ਭਵਿੱਖਬਾਣੀ ਕਰ ਦਿੱਤੀ ਸੀ। ਜੋ ਕਿ ਅੱਗੇ ਚੱਲ ਕੇ ਸੱਚ ਸਾਬਤ ਹੋਈ ਅਤੇ ਉਨ੍ਹਾਂ ਦਾ ਭਰਾ ਪ੍ਰਣਬ ਮੁਖਰਜੀ ਦੇਸ਼ ਦੇ ਸਰਵਉੱਚ ਅਹੁਦੇ 'ਤੇ ਪਹੁੰਚ ਗਿਆ।
ਇਕ ਹਿੰਦੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਪ੍ਰਣਬ ਮੁਖਰਜੀ ਨੇ ਦੱਸਿਆ ਸੀ ਕਿ ਇਕ ਵਾਰ ਜਦੋਂ ਨੌਜਵਾਨ ਸੰਸਦ ਮੈਂਬਰ ਸਨ, ਤਾਂ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇਖਦੇ ਹੋਏ ਆਪਣੀ ਭੈਣ ਨੂੰ ਕਿਹਾ ਸੀ ਕਿ ਉਹ ਅਗਲੇ ਜਨਮ ਵਿਚ ਕੁਲੀਨ ਪ੍ਰਜਾਤੀ ਦੇ ਘੋੜੇ ਦੇ ਰੂਪ ਵਿਚ ਜਨਮ ਲੈਣਾ ਚਾਹੁੰਦੇ ਹਨ, ਤਾਂ ਕਿ ਰਾਸ਼ਟਰਪਤੀ ਭਵਨ 'ਚ ਪਹੁੰਚ ਸਕਣ। ਇਸ ਗੱਲ 'ਤੇ ਉਨ੍ਹਾਂ ਦੀ ਭੈਣ ਨੇ ਕਿਹਾ ਸੀ ਕਿ ਰਾਸ਼ਟਰਪਤੀ ਦਾ ਘੋੜਾ ਕਿਉਂ ਬਣੋਗੇ, ਤੁਸੀਂ ਇਸੇ ਜੀਵਨ ਵਿਚ ਰਾਸ਼ਟਰਪਤੀ ਬਣੋਗੇ।
ਭੈਣ ਅੰਨਪੂਰਣਾ ਨੇ ਕੀਤੀ ਸੀ ਭਵਿੱਖਬਾਣੀ—
ਮੁਖਰਜੀ ਨੇ ਦੱਸਿਆ ਕਿ ਉਨ੍ਹਾਂ ਦੀ 10 ਸਾਲ ਵੱਡੀ ਭੈਣ ਅੰਨਪੂਰਣਾ ਨਾਲ ਉਹ ਦਿੱਲੀ ਵਿਚ ਆਪਣੇ ਅਧਿਕਾਰਤ ਆਵਾਸ ਦੇ ਵਿਹੜੇ ਵਿਚ ਚਾਹ ਪੀ ਰਹੇ ਸਨ ਅਤੇ ਜਦੋਂ ਅੰਨਪੂਰਣਾ ਨੇ ਭਰਾ ਦੇ ਰਾਸ਼ਟਰਪਤੀ ਬਣਨ ਬਾਰੇ ਭਵਿੱਖਬਾਣੀ ਕੀਤੀ ਸੀ। ਅੰਨਪੂਰਣਾ ਨੇ ਕਿਹਾ ਕਿ ਮੁਖਰਜੀ ਦੇ ਆਵਾਸ ਤੋਂ ਰਾਸ਼ਟਰਪਤੀ ਭਵਨ ਦੂਰ ਨਹੀਂ ਸੀ ਅਤੇ ਵਿਹੜੇ ਤੋਂ ਅਸੀਂ ਘੋੜਿਆਂ ਨੂੰ ਲੈ ਕੇ ਜਾਣ ਦੇ ਰਸਤੇ ਨੂੰ ਵੇਖ ਸਕਦੇ ਸੀ। ਅਸੀਂ ਘੋੜਿਆਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਖੁਆਉਣ-ਪਿਲਾਉਣ ਵਾਲਿਆਂ ਨੂੰ ਵੇਖ ਸਕਦੇ ਸੀ। ਮੁਖਰਜੀ ਨੇ ਦੱਸਿਆ ਕਿ ਮੈਂ ਭੈਣ ਅੰਨਪੂਰਣਾ ਨੂੰ ਕਿਹਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਅਗਲੇ ਜਨਮ ਰਾਸ਼ਟਰਪਤੀ ਦਾ ਘੋੜਾ ਬਣ ਜਾਵਾਂਗਾ। ਇਸ ਤੋਂ ਬਾਅਦ ਅੰਨਪੂਰਣਾ ਨੇ ਕਿਹਾ ਕਿ ਰਾਸ਼ਟਰਪਤੀ ਦਾ ਘੋੜਾ ਕਿਉਂ, ਤੁਸੀਂ ਇਸੇ ਜੀਵਨ ਵਿਚ ਰਾਸ਼ਟਰਪਤੀ ਬਣੋਗੇ। ਭੈਣ ਅੰਨਪੂਰਣਾ ਦੀ ਇਹ ਗੱਲ ਸੱਚ ਸਾਬਤ ਹੋਈ। ਦੱਸ ਦੇਈਏ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ ਰਾਸ਼ਟਰਪਤੀ ਅਹੁਦੇ 'ਤੇ ਰਹੇ ਅਤੇ ਸਾਲ 2019 'ਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਵੀ ਸਨਮਾਨਤ ਕੀਤਾ ਗਿਆ ਸੀ।