ਪ੍ਰਣਬ ਮੁਖਰਜੀ ਦੀ ਹਾਲਤ 'ਚ ਸੁਧਾਰ ਨਹੀਂ, ਪੁੱਤਰ ਨੇ ਕਿਹਾ- ਦਿਹਾਂਤ ਦੀਆਂ ਖ਼ਬਰਾਂ ਝੂਠੀਆਂ

8/13/2020 1:08:26 PM

ਨਵੀਂ ਦਿੱਲੀ (ਭਾਸ਼ਾ)— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੈ ਅਤੇ ਉਹ ਹੁਣ ਵੀ ਬੇਹੋਸ਼ੀ ਵਿਚ ਹਨ। ਫ਼ੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਨੇ ਵੀਰਵਾਰ ਯਾਨੀ ਕਿ ਅੱਜ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਮੁਖਰਜੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਹੁਣ ਵੀ ਵੈਂਟੀਲੇਟਰ 'ਤੇ ਹਨ। ਦੱਸ ਦੇਈਏ ਕਿ 84 ਸਾਲ ਦੇ ਪ੍ਰਣਬ ਮੁਖਰਜੀ ਨੂੰ 10 ਅਗਸਤ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕੋਵਿਡ-19 ਜਾਂਚ ਵਿਚ ਉਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।

PunjabKesari

ਇਸ ਦਰਮਿਆਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਦੀ ਸਿਹਤ ਨੂੰ ਲੈ ਕੇ ਆ ਰਹੀਆਂ ਦਿਹਾਂਤ ਦੀਆਂ ਖ਼ਬਰਾਂ ਤੋਂ ਨਾਰਾਜ਼ ਉਨ੍ਹਾਂ ਦੇ ਪੁੱਤਰ ਅਤੇ ਸਾਬਕਾ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਕਿਹਾ ਕਿ ਮੇਰੇ ਪਿਤਾ ਸ਼੍ਰੀ ਪ੍ਰਣਬ ਮੁਖਰਜੀ ਅਜੇ ਜਿਊਂਦੇ ਹਨ। ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਜੋ ਖ਼ਬਰਾਂ ਅਤੇ ਅਫਵਾਹਾਂ ਫੈਲ ਰਹੀਆਂ, ਉਹ ਝੂਠੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ ਕਈ ਸੀਨੀਅਰ ਪੱਤਰਕਾਰਾਂ ਦੇ ਸੋਸ਼ਲ ਮੀਡੀਆ 'ਤੇ ਗਲਤ ਖ਼ਬਰਾਂ ਫੈਲਾਉਣ ਨਾਲ ਸਪੱਸ਼ਟ ਹੋ ਗਿਆ ਹੈ ਕਿ ਭਾਰਤ 'ਚ ਮੀਡੀਆ ਫਰਜ਼ੀ ਖ਼ਬਰਾਂ ਦੀ ਇਕ ਫੈਕਟਰੀ ਬਣ ਗਈ ਹੈ। ਓਧਰ ਮੁਖਰਜੀ ਦੀ ਧੀ ਅਤੇ ਕਾਂਗਰਸ ਨੇਤਾ ਸ਼੍ਰਮਿਸ਼ਠਾ ਨੇ ਵੀ ਟਵੀਟ ਕੀਤਾ ਕਿ ਮੇਰੇ ਪਿਤਾ ਬਾਰੇ ਆ ਰਹੀਆਂ ਖ਼ਬਰਾਂ ਗਲਤ ਹਨ। ਮੈਂ ਬੇਨਤੀ ਕਰਦੀ ਹਾਂ, ਖਾਸ ਕਰ ਕੇ ਮੀਡੀਆ ਨੂੰ ਕਿ ਮੈਨੂੰ ਫੋਨ ਨਾ ਕਰਨ, ਤਾਂ ਕਿ ਹਸਪਤਾਲ ਤੋਂ ਕੋਈ ਅਪਡੇਟ ਆਉਣ ਦੇ ਸਮੇਂ ਮੇਰਾ ਫੋਨ ਬਿਜੀ ਨਾ ਹੋਵੇ। ਦੱਸ ਦੇਈਏ ਕਿ ਪ੍ਰਣਬ ਮੁਖਰਜੀ 2012 ਤੋਂ 2017 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ।


Tanu

Content Editor Tanu