ਰਾਏਬਰੇਲੀ ''ਚ ਵੀ ਲੱਗੇ ਪ੍ਰਿਅੰਕਾ ਗਾਂਧੀ ਦੇ ਵਿਰੋਧ ''ਚ ਪੋਸਟਰ
Thursday, Mar 28, 2019 - 04:21 PM (IST)

ਰਾਏਬਰੇਲੀ (ਭਾਸ਼ਾ)— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਵੀਰਵਾਰ ਨੂੰ ਰਾਏਬਰੇਲੀ ਪਹੁੰਚਦੇ ਹੀ ਇਕ ਵਾਰ ਫਿਰ ਤੋਂ ਇੱਥੇ ਪੋਸਟਰ ਵਾਰ ਸ਼ੁਰੂ ਹੋ ਗਿਆ। ਅੱਜ ਸਵੇਰੇ ਰਾਏਬਰੇਲੀ ਜ਼ਿਲਾ ਕਾਂਗਰਸ ਦਫਤਰ, ਤਿਲਕ ਭਵਨ ਕੋਲ ਸੰਸਦ ਮੈਂਬਰ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੋਸਟਰ ਲਾਏ ਗਏ ਹਨ। ਇਸ ਵਿਚ ਲਿਖਿਆ ਹੈ, ''ਜਦੋਂ-ਜਦੋਂ ਆਈ ਸੰਕਟ ਦੀ ਘੜੀ, ਕਬੋ ਨਾ ਮਹਤਾਰੀ ਬਿਟਿਆ ਦਿਖਾਈ ਪੜੀ....।'' ਇੱਥੇ ਦੱਸ ਦੇਈਏ ਕਿ ਸ਼ਹਿਰ ਵਿਚ ਪ੍ਰਿਅੰਕਾ ਦਾ ਕਾਂਗਰਸ ਵਫਦ ਅਤੇ ਬੂਥ ਪੱਧਰੀ ਵਰਕਰਾਂ ਨੂੰ ਮਿਲਣ ਦਾ ਪ੍ਰੋੋਗਰਾਮ ਹੈ। ਇਹ ਬੈਠਕ ਇਕ ਗੈਸਟ ਹਾਊਸ ਵਿਚ ਪ੍ਰਸਤਾਵਿਤ ਹੈ, ਜਿੱਥੇ ਵਰਕਰਾਂ ਦੇ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਇਸ ਤੋਂ ਪਹਿਲਾਂ ਪ੍ਰਿਅੰਕਾ ਦੇ ਬੁੱਧਵਾਰ ਨੂੰ ਆਪਣੇ ਭਰਾ ਰਾਹੁਲ ਗਾਂਧੀ ਦੇ ਚੋਣ ਖੇਤਰ ਦੇ ਦੌਰੇ ਤੋਂ ਪਹਿਲਾਂ ਅਮੇਠੀ ਵਿਚ ਕੁਝ ਪੋਸਟਰ ਲੱਗੇ ਨਜ਼ਰ ਆਏ, ਜਿਸ ਵਿਚ ਪ੍ਰਿਅੰਕਾ ਦੀ ਲੰਬੀ ਗੈਰ-ਹਾਜ਼ਰੀ ਨੂੰ ਲੈ ਕੇ ਸਵਾਲ ਕੀਤਾ ਗਿਆ। ਇਕ ਪੋਸਟਰ ਵਿਚ ਨਾਅਰਾ ਲਿਖਿਆ ਸੀ, ''ਕਿਆ ਖੂਬ ਠਗਤੀ ਹੋ, ਕਿਉਂ ਪਾਂਚ ਸਾਲ ਬਾਅਦ ਹੀ ਅਮੇਠੀ ਮੇਂ ਦਿਖਤੀ ਹੋ। 60 ਸਾਲਾਂ ਦਾ ਹਿਸਾਬ ਦਿਉ।'' ਇਕ ਹੋਰ ਪੋਸਟਰ ਵਿਚ ਨਾਅਰਾ ਸੀ, ''ਦੇਖ ਕੇ ਚੋਣਾਂ ਪਹਿਨ ਲਈ ਸਾੜ੍ਹੀ, ਨਹੀਂ ਚੱਲੇਗੀ ਹੁਸ਼ਿਆਰੀ।''