ਰਾਹੁਲ ਦੀ ਥਾਂ ਸਿੰਧੀਆ ਨੂੰ ਪ੍ਰਧਾਨ ਅਹੁਦਾ ਸੌਂਪਣ ਦੀ ਉੱਠੀ ਮੰਗ, ਭੋਪਾਲ ''ਚ ਲੱਗੇ ਪੋਸਟਰ

07/08/2019 11:43:28 AM

ਭੋਪਾਲ— ਲੋਕ ਸਭਾ ਚੋਣਾਂ 2019 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਹੁਲ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ 'ਚ ਅਸਤੀਫਿਆਂ ਦਾ ਦੌਰ ਜਾਰੀ ਹੈ। ਕੱਲ ਭਾਵ ਐਤਵਾਰ ਨੂੰ ਕਾਂਗਰਸ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿੰਧੀਆ ਦੇ ਅਸਤੀਫੇ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਉਨ੍ਹਾਂ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦੀ ਮੰਗ ਉਠੀ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਕਾਂਗਰਸ ਵਰਕਰਾਂ ਅਤੇ ਸਿੰਧੀਆ ਸਮਰਥਕਾਂ ਨੇ ਕਾਂਗਰਸ ਪਾਰਟੀ ਦੇ ਦਫਤਰ ਬਾਹਰ ਜੋਤੀਰਾਦਿੱਤਿਆ ਸਿੰਧੀਆ ਦੇ ਪੋਸਟਰ ਵੀ ਲਾਏ ਹਨ, ਜਿਸ 'ਚ ਸਿੰਧੀਆ ਨੂੰ ਰਾਸ਼ਟਰੀ ਪ੍ਰਧਾਨ ਅਹੁਦੇ ਦੀ ਕਮਾਨ ਸੌਂਪਣ ਦੀ ਅਪੀਲ ਕੀਤੀ ਗਈ ਹੈ। ਦਰਅਸਲ ਰਾਹੁਲ ਵਲੋਂ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹੁਣ ਕਾਂਗਰਸ 'ਚ ਖਾਲੀ ਹੋਏ ਅਹੁਦੇ ਲਈ ਨਵੇਂ ਚਿਹਰੇ ਦੀ ਤਲਾਸ਼ ਸ਼ੁਰੂ ਕੀਤੀ ਜਾ ਰਹੀ ਹੈ। ਪਾਰਟੀ ਦੇ ਕਈ ਸੀਨੀਅਰ ਨੇਤਾ ਕਿਸੇ ਨੌਜਵਾਨ ਚਿਹਰੇ ਨੂੰ ਪ੍ਰਧਾਨ ਅਹੁਦੇ ਦੀ ਕਮਾਨ ਸੌਂਪਣ ਦੀ ਮੰਗ ਕਰ ਚੁੱਕੇ ਹਨ। ਅਜਿਹੇ 'ਚ ਸਿੰਧੀਆ ਨੂੰ ਇਸ ਅਹੁਦੇ ਦੀ ਕਮਾਨ ਸੌਂਪਣ ਦੀ ਅਪੀਲ ਕੀਤੀ ਜਾ ਰਹੀ ਹੈ। 

ਕਾਂਗਰਸ ਦਫਤਰ ਦੇ ਬਾਹਰ ਲੱਗੇ ਇਨ੍ਹਾਂ ਪੋਸਟਰਾਂ ਵਿਚ ਇਕ ਪਾਸੇ ਰਾਹੁਲ ਗਾਂਧੀ ਤਾਂ ਦੂਜੇ ਪਾਸੇ ਗੁਣਾ ਤੋਂ ਸਾਬਕਾ ਸੰਸਦ ਮੈਂਬਰ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਦਿੱਗਜ਼ ਨੇਤਾ ਜੋਤੀਰਾਦਿੱਤਿਆ ਸਿੰਧੀਆ ਦੀ ਤਸਵੀਰ ਹੈ। ਪੋਸਟਰ 'ਚ ਲਿਖਿਆ ਹੈ, ''ਮਾਣਯੋਗ ਰਾਹੁਲ ਗਾਂਧੀ ਜੀ ਤੋਂ ਅਪੀਲ, ਸਾਡੇ ਦੇਸ਼ ਦੇ ਮਾਣ ਅਤੇ ਮੱਧ ਪ੍ਰਦੇਸ਼ ਦੇ ਸੀਨੀਅਰ ਨੇਤਾ ਸ਼੍ਰੀ ਜੋਤੀਰਾਦਿੱਤਿਆ ਸਿੰਧੀਆ ਜੀ ਨੂੰ ਉਨ੍ਹਾਂ ਦੀ ਕਾਰਜਸ਼ੈਲੀ ਮੁਤਾਬਕ ਰਾਸ਼ਟਰੀ ਲੀਡਰਸ਼ਿਪ ਦੇਣ ਦੀ ਅਪੀਲ।'' ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਦੀ ਕਿਸ਼ਤੀ ਪਾਰ ਲਾਉਣ ਲਈ ਪ੍ਰਿਅੰਕਾ ਗਾਂਧੀ ਅਤੇ ਜੋਤੀਰਾਦਿੱਤਿਆ ਸਿੰਧੀਆ ਨੂੰ ਇਕੱਠੇ ਜਨਰਲ ਸਕੱਤਰ ਬਣਾਇਆ ਗਿਆ ਸੀ। ਪ੍ਰਿਅੰਕਾ ਨੂੰ ਪੂਰਬੀ-ਯੂ. ਪੀ. ਅਤੇ ਸਿੰਧੀਆ ਨੂੰ ਪੱਛਮੀ-ਯੂ. ਪੀ. ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਦੋਵੇਂ ਨੇਤਾ ਪੂਰੀ ਤਰ੍ਹਾਂ ਫੇਲ ਰਹੇ। ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਿੰਧੀਆ ਨੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।


Tanu

Content Editor

Related News