ਪਾਵਰਫੁੱਲ ਹੈ ਲੋਕ ਸਭਾ ਸਪੀਕਰ ਦਾ ਅਹੁਦਾ, 1999 ’ਚ ਸਿਰਫ 1 ਵੋਟ ਨਾਲ ਡਿੱਗ ਗਈ ਸੀ ਅਟਲ ਸਰਕਾਰ
Saturday, Jun 22, 2024 - 10:21 AM (IST)
ਨੈਸ਼ਨਲ ਡੈਸਕ- ਲੋਕ ਸਭਾ ਸਪੀਕਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਲਈ ਮੈਂਬਰਾਂ ਵਲੋਂ ਉਮੀਦਵਾਰਾਂ ਦੇ ਸਮਰਥਨ ਵਾਲੇ ਪ੍ਰਸਤਾਵਾਂ ਦਾ ਨੋਟਿਸ ਇਕ ਦਿਨ ਪਹਿਲਾਂ ਭਾਵ 25 ਜੂਨ ਨੂੰ ਦੁਪਹਿਰ 12 ਵਜੇ ਲੋਕ ਸਭਾ ਸਕੱਤਰੇਤ ’ਚ ਜਮਾਂ ਕੀਤਾ ਜਾ ਸਕਦਾ ਹੈ। ਇਹ ਇਕ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਨੋਟਿਸ ਆਫ ਮੋਸ਼ਨ ਕਿਹਾ ਜਾਂਦਾ ਹੈ। ਕਿਸੇ ਵੀ ਸਰਕਾਰ ਦੇ ਗਠਨ ਤੋਂ ਬਾਅਦ ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਇਹ ਦੋਵੇਂ ਅਹੁਦੇ ਮਹੱਤਵਪੂਰਨ ਹੁੰਦੇ ਹਨ।
ਲੋਕ ਸਭਾ ਲਈ ਆਰਟੀਕਲ 93 ’ਚ ਕਿਹਾ ਗਿਆ ਹੈ ਕਿ ਸਦਨ ਜਿੰਨੀ ਛੇਤੀ ਹੋ ਸਕੇ ਆਪਣੇ 2 ਮੈਂਬਰਾਂ ਸਪੀਕਰ ਅਤੇ ਡਿਪਟੀ ਸਪੀਕਰ ਦੇ ਰੂਪ ’ਚ ਚੁਣਨਗੇ। ਇਥੇ ਤੁਹਾਨੂੰ ਦੱਸਦੇ ਹਾਂ ਕਿ ਸਪੀਕਰ ਦਾ ਅਹੁਦਾ ਇੰਨਾ ਪਾਵਰਫੁੱਲ ਹੈ ਕਿ ਸਾਲ 1999 ’ਚ ਉਨ੍ਹਾਂ ਦੇ ਇਕ ਫੈਸਲੇ ਅਤੇ ਇਕ ਵੋਟ ਨਾਲ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਡਿੱਗ ਗਈ ਸੀ। ਸਾਲ 1999 ’ਚ ਲੋਕ ਸਭਾ ਸਪੀਕਰ ਨੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕੀਤਾ ਸੀ ਅਤੇ ਇਕ ਵੋਟ ਨਾਲ ਸਰਕਾਰ ਡਿੱਗ ਗਈ ਸੀ। ਇਹ ਇਕ ਉਦਾਹਰਨ ਸਪੀਕਰ ਅਹੁਦੇ ਦੀ ਅਹਿਮੀਅਤ ਦੱਸਣ ਲਈ ਕਾਫੀ ਹੈ।
ਇਹ ਵੀ ਪੜ੍ਹੋ- ਜ਼ਿੰਦਗੀ ਤੋਂ ਜ਼ਰੂਰੀ ਹੋਈ ਰੀਲ; ਇਕ ਹੱਥ ਨਾਲ ਇਮਾਰਤ ਦੀ ਛੱਤ ਤੋਂ ਹਵਾ 'ਚ ਲਟਕੀ ਕੁੜੀ, ਵੀਡੀਓ ਵਾਇਰਲ
1998 ’ਚ ਅਟਲ ਸਰਕਾਰ ’ਚ ਟੀ. ਡੀ. ਪੀ. ਦਾ ਸਪੀਕਰ
13 ਮਾਰਚ 1998 ’ਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਐੱਨ. ਡੀ. ਏ. ਦੀ ਨਵੀਂ ਸਰਕਾਰ ਬਣੀ ਸੀ ਅਤੇ ਇਸ ਸਰਕਾਰ ਨੂੰ ਦੱਖਣੀ ਭਾਰਤ ਦੀਆਂ 2 ਮੁੱਖ ਪਾਰਟੀਆਂ ਡੀ. ਐੱਮ. ਕੇ. ਅਤੇ ਟੀ. ਡੀ. ਪੀ. ਦਾ ਸਮਰਥਨ ਹਾਸਲ ਸੀ, ਉਦੋਂ ਟੀ. ਡੀ. ਪੀ. ਨੇ ਜ਼ਿੱਦ ਕਰ ਕੇ ਆਪਣੇ ਨੇਤਾ ਜੀ. ਐੱਮ. ਸੀ. ਬਾਲਯੋਗੀ ਨੂੰ ਸਪੀਕਰ ਬਣਵਾ ਲਿਆ ਸੀ। ਲਗਭਗ 13 ਮਹੀਨਿਆਂ ਤੱਕ ਸਰਕਾਰ ਚੱਲਣ ਤੋਂ ਬਾਅਦ ਡੀ. ਐੱਮ. ਕੇ. ਨੇ ਅਚਾਨਕ ਕੇਂਦਰ ’ਚ ਅਟਲ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਮਹੱਤਵਪੂਰਨ ਹੋ ਗਈ। ਕੇਂਦਰ ਦੀ ਸੱਤਾਧਾਰੀ ਅਟਲ ਸਰਕਾਰ ਕੋਲ ਬਹੁਮਤ ਹੈ ਜਾਂ ਨਹੀਂ, ਇਹ ਪਰਖਣ ਲਈ 17 ਅਪ੍ਰੈਲ 1999 ਨੂੰ ਬੇਭਰੋਸਗੀ ਮਤਾ ਲਿਆਂਦਾ ਗਿਆ ਅਤੇ ਉਸ ’ਤੇ ਵੋਟਿੰਗ ਕਰਵਾਈ ਗਈ।
ਇਸ ਤਰ੍ਹਾਂ ਇਕ ਵੋਟ ਨਾਲ ਡਿੱਗ ਗਈ ਸੀ ਵਾਜਪਾਈ ਸਰਕਾਰ
ਸੰਸਦ ’ਚ ਲੋਕ ਸਭਾ ਦੇ ਸਪੀਕਰ ਬਾਲਯੋਗੀ ਨੇ ਲੋਕ ਸਭਾ ਦੇ ਸਕੱਤਰ ਜਨਰਲ ਐੱਸ. ਗੋਪਾਲਨ ਵੱਲ ਇਕ ਪਰਚੀ ਵਧਾਈ। ਸਕੱਤਰ ਗੋਪਾਲਨ ਨੇ ਉਸ ’ਤੇ ਕੁਝ ਲਿਖਿਆ ਅਤੇ ਉਸ ਨੂੰ ਟਾਈਪ ਕਰਨ ਲਈ ਭੇਜ ਦਿੱਤਾ। ਉਸ ਟਾਈਪ ਹੋਏ ਕਾਗਜ਼ ’ਚ ਬਾਲਯੋਗੀ ਨੇ ਇਕ ਰੂਲਿੰਗ ਦਿੱਤੀ ਸੀ ਭਾਵ ਕੁਝ ਸੰਦੇਸ਼ ਸੀ, ਜਿਸ ’ਚ ਕਾਂਗਰਸ ਦੇ ਸੰਸਦ ਮੈਂਬਰ ਗਿਰਧਰ ਗੋਮਾਂਗ ਨੂੰ ਆਪਣੇ ਵਿਵੇਕ ਦੇ ਆਧਾਰ ’ਤੇ ਵੋਟ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਅਸਲ ’ਚ ਗੋਮਾਂਗ ਫਰਵਰੀ ’ਚ ਹੀ ਓਡਿਸ਼ਾ ਦੇ ਮੁੱਖ ਮੰਤਰੀ ਬਣ ਗਏ ਸਨ ਪਰ ਉਨ੍ਹਾਂ ਨੇ ਉਦੋਂ ਤੱਕ ਆਪਣੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ ਸੀ, ਉਹ ਸਦਨ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਵੋਟ ਦੇਣ ਦਾ ਹੱਕ ਹਾਸਲ ਸੀ। ਹਾਲਾਂਕਿ ਸੰਸਦ ’ਚ ਉਹ ਵੋਟ ਦੇਣਗੇ ਜਾਂ ਨਹੀਂ, ਇਹ ਸਪੀਕਰ ਬਾਲਯੋਗੀ ਨੇ ਤੈਅ ਕਰਨਾ ਸੀ।
ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ 81 ਲੱਖ ਲੋਕਾਂ ਨੇ ਗੁਆਈ ਜਾਨ, ਹੈਰਾਨ ਕਰ ਦੇਵੇਗਾ ਭਾਰਤ ਦਾ ਅੰਕੜਾ
ਭਾਰਤ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਬੇਭਰੋਸਗੀ ਮਤੇ ਲਈ ਸੰਸਦ ’ਚ ਵੋਟਿੰਗ ਕੀਤੀ ਸੀ। ਗਿਰਧਰ ਗੋਮਾਂਗ ਨੇ ਆਪਣੀ ਵੋਟ ਅਟਲ ਬਿਹਾਰੀ ਸਰਕਾਰ ਵਿਰੁੱਧ ਦਿੱਤੀ ਸੀ। ਇਲੈਕਟ੍ਰਾਨਿਕ ਸਕੋਰ ਬੋਰਡ ’ਤੇ ਅਟਲ ਸਰਕਾਰ ਦੇ ਹੱਕ ’ਚ 269 ਅਤੇ ਵਿਰੋਧ ’ਚ 270 ਵੋਟਾਂ ਦਿਖਾਈ ਦਿੱਤੀਆਂ ਸਨ, ਜੋ ਹੈਰਾਨ ਕਰਨ ਵਾਲੀਆਂ ਸਨ। ਨਿਯਮ ਤਾਂ ਨਿਯਮ ਹੁੰਦਾ ਹੈ ਅਤੇ ਇਸ ਤਰ੍ਹਾਂ ਸਪੀਕਰ ਨੇ ਉਦੋਂ ਆਪਣੇ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਇਕ ਵੋਟ ਨਾਲ ਅਟਲ ਸਰਕਾਰ ਡਿੱਗ ਗਈ ਸੀ। ਇਹ ਇਕ ਉਦਾਹਰਨ ਸਪੀਕਰ ਅਹੁਦੇ ਦੀ ਅਹਿਮੀਅਤ ਦੱਸਣ ਲਈ ਕਾਫੀ ਹੈ।
ਸਪੀਕਰ ਦੀ ਕੀ ਹੁੰਦੀ ਹੈ ਜ਼ਿੰਮੇਵਾਰੀ?
ਸਪੀਕਰ ਦਾ ਮੁੱਖ ਕੰਮ ਸਦਨ ਨੂੰ ਨਿਯਮ ਅਤੇ ਕਾਨੂੰਨ ਨਾਲ ਚਲਾਉਣਾ ਹੈ। ਸੰਸਦ ਮੈਂਬਰਾਂ ਦੀਆਂ ਸ਼ਕਤੀਆਂ ਅਤੇ ਵਿਸ਼ੇਸ਼ ਅਧਿਕਾਰਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਸਪੀਕਰ ਦੀ ਹੁੰਦੀ ਹੈ। ਸੰਸਦ ਨਾਲ ਜੁੜੇ ਕਿਸੇ ਵੀ ਮਾਮਲੇ ’ਚ ਇਨ੍ਹਾਂ ਦਾ ਫੈਸਲਾ ਹੀ ਸਰਵਉੱਚ ਹੁੰਦਾ ਹੈ। ਸਪੀਕਰ ਹੀ ਸੰਸਦ ਮੈਂਬਰਾਂ ਦੀ ਬੈਠਕ ’ਚ ਚਰਚਾ ਦਾ ਏਜੰਡਾ ਤੈਅ ਕਰਦਾ ਹੈ। ਸਪੀਕਰ ਸੰਸਦ ਮੈਂਬਰਾਂ ਦੇ ਬੇਕਾਬੂ ਰਵੱਈਏ ਲਈ ਉਨ੍ਹਾਂ ਨੂੰ ਸਜ਼ਾ ਵੀ ਦਿੰਦਾ ਹੈ। ਇਸ ਤੋਂ ਇਲਾਵਾ ਬੇਭਰੋਸਗੀ ਮਤੇ ਅਤੇ ਨਿੰਦਾ ਮਤੇ ਦੀ ਇਜਾਜ਼ਤ ਵੀ ਸਪੀਕਰ ਹੀ ਦਿੰਦਾ ਹੈ। ਸੰਸਦ ’ਚ ਕਿਸੇ ਬਿੱਲ ਜਾਂ ਅਹਿਮ ਮੁੱਦਿਆਂ ’ਤੇ ਕੌਣ ਮੈਂਬਰ ਵੋਟ ਪਾ ਸਕਦਾ ਹੈ, ਕੌਣ ਨਹੀਂ, ਸਦਨ ਕਦੋਂ ਚੱਲੇਗਾ ਅਤੇ ਕਦੋਂ ਮੁਲਤਵੀ ਕਰਨਾ ਹੈ, ਕਾਨੂੰਨੀ ਢੰਗ ਨਾਲ ਇਹ ਸਾਰੇ ਫੈਸਲੇ ਲੋਕ ਸਭਾ ਦਾ ਸਪੀਕਰ ਹੀ ਤੈਅ ਕਰਦਾ ਹੈ।
ਇਹ ਵੀ ਪੜ੍ਹੋ- ਆਈਸਕ੍ਰੀਮ 'ਚੋਂ ਵੱਢੀ ਹੋਈ ਉਂਗਲ ਤੋਂ ਬਾਅਦ ਹੁਣ ਆਲੂ ਦੇ ਚਿਪਸ ਦੇ ਪੈਕੇਟ ’ਚ ਮਿਲਿਆ ਮਰਿਆ ਡੱਡੂ
ਕਿਸੇ ਸੰਸਦ ਮੈਂਬਰ ਨੂੰ ਇਕ ਪਾਰਟੀ ਤੋਂ ਦੂਜੀ ’ਚ ਜਾਣ ਤੋਂ ਰੋਕਣ ਲਈ ਰਾਜੀਵ ਗਾਂਧੀ ਸਰਕਾਰ 1985 ’ਚ ਦਲ-ਬਦਲ ਕਾਨੂੰਨ ਲੈ ਕੇ ਆਈ। ਦਲ-ਬਦਲ ਕਾਨੂੰਨ ਦੇ ਤਹਿਤ ਸਪੀਕਰ ਨੂੰ ਕਾਫੀ ਜ਼ਿਆਦਾ ਸ਼ਕਤੀਆਂ ਪ੍ਰਾਪਤ ਹਨ। ਦਲ-ਬਦਲ ਕਾਨੂੰਨ ’ਚ ਸਪੀਕਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਸਪੀਕਰ ਆਪਣੇ ਵਿਵੇਕ ਨਾਲ ਦਲ ਬਦਲਣ ਵਾਲੇ ਸੰਸਦ ਮੈਂਬਰ ਨੂੰ ਚਾਹੇ ਤਾਂ ਅਯੋਗ ਐਲਾਨ ਸਕਦਾ ਹੈ। ਦਲ-ਬਦਲ ਕਾਨੂੰਨ ’ਚ ਸਪੀਕਰ ਦੇ ਫੈਸਲੇ ਨੂੰ ਬਦਲਣ ਦਾ ਸੁਪਰੀਮ ਕੋਰਟ ਕੋਲ ਵੀ ਸੀਮਤ ਅਧਿਕਾਰ ਹੈ। ਸਪੀਕਰ ਦਾ ਮੁੱਖ ਕੰਮ ਸਰਕਾਰ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ। ਸਪੀਕਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੇ ਸਮਰਥਨ ’ਚ ਹੋਵੇ। ਜੇ ਉਹ ਸਰਕਾਰ ਨਾਲ ਅਸਹਿਮਤ ਹੋ ਜਾਵੇ ਤਾਂ ਸਮੱਸਿਆਵਾਂ ਖੜੀਆਂ ਹੋ ਸਕਦੀਆਂ ਹਨ।
ਕੌਣ ਹੰਦਾ ਹੈ ਪ੍ਰੋਟੈਮ ਸਪੀਕਰ
ਮੌਜੂਦਾ ਲੋਕ ਸਭਾ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਹਾਲਤ ’ਚ ਸਪੀਕਰ ਦੀਆਂ ਜ਼ਿੰਮੇਵਾਰੀਆਂ ਪ੍ਰੋਟੈਮ ਸਪੀਕਰ ਨਿਭਾਉਂਦਾ ਹੈ, ਜੋ ਚੁਣੇ ਹੋਏ ਸੰਸਦ ਮੈਂਬਰਾਂ ’ਚ ਸਭ ਤੋਂ ਸੀਨੀਅਰ ਹੁੰਦਾ ਹੈ। ਪ੍ਰੋਟੈਮ ਸਪੀਕਰ ਇਕ ਅਸਥਾਈ ਸਪੀਕਰ ਦਾ ਅਹੁਦਾ ਹੁੰਦਾ ਹੈ, ਜਿਸ ਨੂੰ ਸੰਸਦ ਦੀ ਕਾਰਵਾਈ ਚਲਾਉਣ ਲਈ ਸੀਮਤ ਸਮੇਂ ਲਈ ਨਿਯੁਕਤ ਕੀਤਾ ਜਾਂਦਾ ਹੈ। ਨਵੀਂ ਲੋਕ ਸਭਾ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਨ ਅਤੇ ਸੰਸਦ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣ ਦਾ ਕੰਮ ਪ੍ਰੋਟੈਮ ਸਪੀਕਰ ਦਾ ਹੁੰਦਾ ਹੈ। ਇਸ ਦੇ ਨਾਲ ਹੀ ਲੋਕ ਸਭਾ ਦੇ ਸਪੀਕਰ ਲਈ ਚੋਣ ਅਤੇ ਵੋਟਾਂ ਕਰਵਾਉਣ ਦੀ ਜ਼ਿੰਮੇਵਾਰੀ ਵੀ ਪ੍ਰੋਟੈਮ ਸਪੀਕਰ ਦੀ ਹੁੰਦੀ ਹੈ। ਜਿਵੇਂ ਹੀ ਨਵੇਂ ਸਪੀਕਰ ਦੀ ਚੋਣ ਹੋ ਜਾਂਦੀ ਹੈ, ਪ੍ਰੋਟੈਮ ਸਪੀਕਰ ਦਾ ਅਹੁਦਾ ਆਪਣੇ-ਆਪ ਹੀ ਖਤਮ ਹੋ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e