ਵੱਧਦੀ ਆਬਾਦੀ ਰੋਕਣ ਲਈ ਕਾਨੂੰਨ ਨਾ ਬਣਿਆ ਤਾਂ ਦੇਸ਼ ’ਚ ਖਾਨਾਜੰਗੀ ਵਰਗੇ ਬਣ ਸਕਦੇ ਹਨ ਹਾਲਾਤ : ਗਿਰੀਰਾਜ ਸਿੰਘ

Wednesday, Nov 27, 2019 - 08:35 PM (IST)

ਵੱਧਦੀ ਆਬਾਦੀ ਰੋਕਣ ਲਈ ਕਾਨੂੰਨ ਨਾ ਬਣਿਆ ਤਾਂ ਦੇਸ਼ ’ਚ ਖਾਨਾਜੰਗੀ ਵਰਗੇ ਬਣ ਸਕਦੇ ਹਨ ਹਾਲਾਤ : ਗਿਰੀਰਾਜ ਸਿੰਘ

ਨਵੀਂ ਦਿੱਲੀ – ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਜੇ ਦੇਸ਼ ਵਿਚ ਵਧਦੀ ਆਬਾਦੀ ਨੂੰ ਰੋਕਣ ਲਈ ਕੋਈ ਕਾਨੂੰਨ ਨਾ ਬਣਿਆ ਤਾਂ ਇਥੇ ਖਾਨਾਜੰਗੀ ਵਰਗੇ ਹਾਲਾਤ ਬਣ ਸਕਦੇ ਹਨ। ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਮਹਿਲਾ ਵਰਕਰਾਂ ਨੇ ਆਬਾਦੀ ’ਤੇ ਕੰਟਰੋਲ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਇੰਡੀਆ ਗੇਟ ਤੋਂ ਲੈ ਕੇ ਜੰਤਰ-ਮੰਤਰ ਤੱਕ ਪੈਦਲ ਮਾਰਚ ਦਾ ਆਯੋਜਨ ਕੀਤਾ। ਇਸ ਮਾਰਚ ਵਿਚ ਸ਼ਾਮਲ ਔਰਤਾਂ ਅਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਗਿਰੀਰਾਜ ਸਿੰਘ ਨੇ ਕਿਹਾ ਕਿ ਆਬਾਦੀ ਦਾ ਵਧਣਾ ਇਕ ਧਮਾਕੇ ਵਾਂਗ ਹੈ। ਤਕਨੀਕੀ ਪੱਖੋਂ ਬੇਸ਼ੱਕ ਭਾਰਤ ਦੀ ਆਬਾਦੀ 130 ਕਰੋੜ ਹੈ ਪਰ ਸੱਚਾਈ ਇਹ ਹੈ ਕਿ ਇਹ 150 ਕਰੋੜ ਤੋਂ ਵੀ ਵੱਧ ਹੈ। ਜਦੋਂ ਤੱਕ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਕਾਨੂੰਨ ਨਹੀਂ ਬਣੇਗਾ, ਲੋਕਾਂ ਨੂੰ ਸਭ ਸਹੂਲਤਾਂ ਲਈ ਤਰਸਣਾ ਪਏਗਾ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਸਕਣਗੇ। ਵੱਧਦੀ ਆਬਾਦੀ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।

‘ਮੈਂ ਤਾਂ ਮੰਮੀ ਨਾਲ ਮੇਲਾ ਵੇਖਣ ਆਇਆ ਹਾਂ’
ਉਕਤ ਮਾਰਚ ਵਿਚ ਜਵਾਨ ਮੁੰਡੇ ਅਤੇ ਕੁਝ ਬੱਚੇ ਵੀ ਸ਼ਾਮਲ ਸਨ। 8 ਸਾਲ ਦਾ ਇਕ ਬੱਚਾ ਸ਼ਿਵਮ ਵੀ ਇਸ ਮਾਰਚ ਦਾ ਹਿੱਸਾ ਸੀ। ਉਹ ਬੁੱਧਵਾਰ ਸਕੂਲ ਨਹੀਂ ਗਿਆ ਸੀ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਉਹ ਇਥੇ ਕਿਉਂ ਆਇਆ ਹੈ ਤਾਂ ਉਸ ਨੇ ਮਾਸੂਮੀਅਤ ਨਾਲ ਕਿਹਾ ਕਿ ਮੈਨੂੰ ਮੰਮੀ ਨੇ ਕਿਹਾ ਸੀ ਕਿ ਅੱਜ ਮੇਲਾ ਵੇਖਣ ਚਲਦੇ ਹਾਂ। ਮੈਂ ਆਪਣੀ ਮੰਮੀ ਨਾਲ ਮੇਲਾ ਵੇਖਣ ਲਈ ਆਇਆ ਹਾਂ। ਇਸ ਮੌਕੇ ’ਤੇ ਕੁਝ ਲੋਕਾਂ ਨੇ ਕਿਹਾ ਕਿ ਦੇਸ਼ ਵਿਚ ਆਬਾਦੀ ਨੂੰ ਕੰਟਰੋਲ ਵਿਚ ਕਰਨ ਲਈ ਕਾਨੂੰਨ ਦੀ ਮੰਗ ਨੂੰ ਲੈ ਕੇ ਜਾਗਰੂਕਤਾ ਫੈਲ ਰਹੀ ਹੈ। ਜਿਹੜੀ ਵੀ ਸਿਆਸੀ ਪਾਰਟੀ ਇਸ ਦਾ ਵਿਰੋਧ ਕਰੇਗੀ, ਲੋਕ ਉਸ ਵਿਰੁੱਧ ਹੋ ਜਾਣਗੇ।


author

Inder Prajapati

Content Editor

Related News