ਮੁੱਖ ਮੰਤਰੀ ਦੇ ਓ.ਐੱਸ.ਡੀ. ਵਜੋਂ ''ਜੋਤਸ਼ੀ'' ਦੀ ਨਿਯੁਕਤੀ ''ਤੇ ਸਿਆਸੀ ਹੰਗਾਮਾ, ਕਾਂਗਰਸੀ ਸੰਸਦ ਮੈਂਬਰ ਨੇ ਚੁੱਕੇ ਸਵਾਲ
Tuesday, May 12, 2026 - 06:47 PM (IST)
ਚੇਨਈ : ਤਾਮਿਲਗਾ ਵੇਤਰੀ ਕੜਗਮ (TVK) ਸਰਕਾਰ ਵੱਲੋਂ ਇਕ 'ਜੋਤਸ਼ੀ' ਨੂੰ ਮੁੱਖ ਮੰਤਰੀ ਦਾ ਵਿਸ਼ੇਸ਼ ਕਾਰਜ ਅਧਿਕਾਰੀ (OSD) ਨਿਯੁਕਤ ਕੀਤੇ ਜਾਣ ਦੇ ਕਥਿਤ ਫੈਸਲੇ 'ਤੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸੀ ਸੰਸਦ ਮੈਂਬਰ ਸ਼ਸ਼ੀਕਾਂਤ ਸੇਂਥਿਲ ਨੇ ਇਸ ਨਿਯੁਕਤੀ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਸਰਕਾਰ ਨੂੰ ਘੇਰਿਆ ਹੈ।
ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਤਿਰੂਵੱਲੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੇਂਥਿਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੱਤਰ ਦੀ ਕਾਪੀ ਸਾਂਝੀ ਕੀਤੀ ਹੈ। ਇਸ ਪੱਤਰ ਅਨੁਸਾਰ, ਰਿੱਕੀ ਰਾਧਨ ਪੰਡਿਤ ਵੇਤਰੀਵੇਲ ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਮੰਤਰੀ ਦਾ ਓ.ਐੱਸ.ਡੀ. ਨਿਯੁਕਤ ਕੀਤਾ ਗਿਆ ਹੈ। ਸੇਂਥਿਲ ਨੇ ਇਸ 'ਤੇ ਹੈਰਾਨੀ ਪ੍ਰਗਟਾਉਂਦੇ ਹੋਏ ਲਿਖਿਆ, ''ਇਹ ਮੇਰੀ ਸਮਝ ਤੋਂ ਬਾਹਰ ਹੈ। ਆਖਿਰ ਇਕ ਜੋਤਸ਼ੀ ਨੂੰ ਓ.ਐੱਸ.ਡੀ. ਦੇ ਅਹੁਦੇ ਦੀ ਕੀ ਲੋੜ ਹੈ? ਕੀ ਕੋਈ ਇਸ ਬਾਰੇ ਸਮਝਾ ਸਕਦਾ ਹੈ?''
ਜ਼ਿਕਰਯੋਗ ਹੈ ਕਿ 12 ਮਈ ਦੀ ਤਾਰੀਖ ਵਾਲਾ ਇਹ ਪੱਤਰ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਇਸ ਨਿਯੁਕਤੀ ਦੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
