ਦੋ ਸਿਆਸੀ ਘਟਨਾਵਾਂ ਨੇ ਹਿਲਾਈ ਪੰਜਾਬ ਦੀ ਰਾਜਨੀਤੀ

Friday, Aug 07, 2026 - 11:22 PM (IST)

ਦੋ ਸਿਆਸੀ ਘਟਨਾਵਾਂ ਨੇ ਹਿਲਾਈ ਪੰਜਾਬ ਦੀ ਰਾਜਨੀਤੀ

ਪਟਿਆਲਾ (ਰਾਜੇਸ਼ ਪੰਜੌਲਾ, ਮਨਦੀਪ ਜੋਸਨ) - ਕਾਂਗਰਸ ਪਾਰਟੀ ਦੇ ਕੌਮੀ ਲੀਡਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਕੈਪਟਨ ਨੂੰ ਸੰਬੋਧਨ ਕਰਦਿਆਂ ਦੀ ਵਾਇਰਲ ਹੋਈ ਵੀਡੀਓ ‘ਹੈਲੋ ਮਾਈ ਫੇਵਰੇਟ ਅਮਰਿੰਦਰ ਅੰਕਲ’ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀਆਂ ਇਨ੍ਹਾਂ ਦੋਨੋਂ ਘਟਨਾਵਾਂ ਨੇ ਪੰਜਾਬ ਦੀ ਰਾਜਨੀਤੀ ਹਿਲਾ ਕੇ ਰੱਖ ਦਿੱਤੀ ਹੈ।

ਪੰਜਾਬ ਦੀ ਮੌਜੂਦਾ ਰਾਜਨੀਤਕ ਪਿੱਚ ’ਤੇ ਲੰਬੇ ਸਮੇਂ ਤੋਂ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਹੀ ਬੈਟਿੰਗ ਕਰ ਰਹੇ ਸਨ। ਉਨ੍ਹਾਂ ਦੇ ਸਾਹਮਣੇ ਨਾ ਤਾਂ ਕੋਈ ਕੈਚਰ ਸੀ ਅਤੇ ਨਾ ਹੀ ਪਿੱਛੇ ਕੋਈ ਵਿਕਟਕੀਪਰ, ਜਿਸ ਕਰ ਕੇ ਉਹ ਲਗਾਤਾਰ ਰਾਜਨੀਤਕ ਚੌਕੇ-ਛੱਕੇ ਲਾ ਰਹੇ ਸਨ। ਇਨ੍ਹਾਂ 2 ਘਟਨਾਵਾਂ ਨੇ ਪੰਜਾਬ ਦੀ ਰਾਜਨੀਤੀ ’ਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਿਆਸੀ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਹੈ।

ਇਹ ਦੋਨੋਂ ਘਟਨਾਵਾਂ ਵੱਖ-ਵੱਖ ਹਨ ਜਾਂ ਇਕ ਰਣਨੀਤੀ ਤਹਿਤ ਹਨ ਜਾਂ ਫਿਰ ਸਿਰਫ ਇਕ ਸੰਯੋਗ ਹੈ। ਇਹ ਇਕ ਵੱਖਰਾ ਵਿਸ਼ਾ ਹੈ ਪਰ ਇਨ੍ਹਾਂ ਘਟਨਾਵਾਂ ਦੇ ਸਿਆਸੀ ਮਾਇਨੇ ਬਹੁਤ ਵੱਡੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ’ਚ ਕਲੇਸ਼ ਪਿਆ ਹੋਇਆ ਹੈ, ਜਿਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਾਰਟੀ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ‘ਹਰ ਬੂਥ ਕਾਂਗਰਸ ਮਜ਼ਬੂਤ’ ਤਹਿਤ ਮੀਟਿੰਗਾਂ ਕਰ ਰਹੇ ਹਨ ਅਤੇ ਇਨ੍ਹਾਂ ’ਚ ਚੰਨੀ ਧੜੇ ਦੇ ਵਰਕਰ ਪਹੁੰਚ ਕੇ ਖਲਲ ਪਾ ਰਹੇ ਹਨ।

ਉਸੇ ਦੌਰਾਨ ਰਾਹੁਲ ਗਾਂਧੀ ਦਾ ਇਹ ਵੀਡੀਓ ਵਾਇਰ ਹੋਣਾ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਇਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ’ਚ ਸ਼ਾਮਿਲ ਕਰਨ ਲਈ ਤਿਆਰ ਹੈ। ਅਜਿਹਾ ਕਰ ਕੇ ਰਾਹੁਲ ਗਾਂਧੀ ਨੇ ਜਿੱਥੇ ਬਾਗੀ ਧੜੇ ਨੂੰ ਸੰਦੇਸ਼ ਦਿੱਤਾ ਕਿ ਉਹ ਚੁੱਪ ਕਰ ਜਾਣ ਨਹੀਂ ਤਾਂ ਕੈਪਟਨ ਨੂੰ ਕਾਂਗਰਸ ’ਚ ਸ਼ਾਮਿਲ ਕਰ ਕੇ ਪੰਜਾਬ ਦੀ ਵਾਗਡੋਰ ਇਕ ਫਿਰ ਤੋਂ ਕੈਪਟਨ ਦੇ ਹਵਾਲੇ ਕਰ ਦਿੱਤੀ ਜਾਵੇਗੀ।

ਦੂਜੇ ਪਾਸੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪ੍ਰਦੇਸ਼ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਜੋ ਭਾਜਪਾ ਵਰਕਰਾਂ ਨੇ ਬਗਾਵਤ ਦਾ ਰੁਖ ਅਖਤਿਆਰ ਕੀਤਾ ਹੈ, ਉਸ ਨੂੰ ਠੱਲ ਪਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਭਾਜਪਾ ਅਕਾਲੀ ਦਲ ਨਾਲ ਗਠਜੋੜ ਕਰ ਕੇ 1997, 2007, 2012 ਵਾਂਗ ਪੰਜਾਬ ’ਚ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਾ ਸਕਦੀ ਹੈ।


author

Inder Prajapati

Content Editor

Related News