ਸਿਆਸੀ ਜਾਨਸ਼ੀਨੀ ਬੇਯਕੀਨੀ ਦੇ ਘੇਰੇ ’ਚ

Thursday, Jan 29, 2026 - 11:47 PM (IST)

ਸਿਆਸੀ ਜਾਨਸ਼ੀਨੀ ਬੇਯਕੀਨੀ ਦੇ ਘੇਰੇ ’ਚ

ਨੈਸ਼ਨਲ ਡੈਸਕ- ਅਜੀਤ ਪਵਾਰ ਦੇ ਅਚਾਨਕ ਦਿਹਾਂਤ ਨਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨਾ ਸਿਰਫ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ, ਸਗੋਂ ਇਕ ਅਜਿਹੇ ਨਾਜ਼ੁਕ ਦੌਰ ’ਚ ਫਸ ਗਈ ਹੈ ਜਿੱਥੇ ਭਾਵਨਾਵਾਂ, ਇਛਾਵਾਂ ਅਤੇ ਹੋਂਦ ਦੀ ਲੜਾਈ ਹੈ। ਇਸ ਬੇਯਕੀਨੀ ਦੇ ਕੇਂਦਰ ’ਚ ਸੁਨੇਤਰਾ ਪਵਾਰ ਖੜ੍ਹੀ ਹੈ—ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਰਣਨੀਤੀਕਾਰ ਦੀ ਵਿਧਵਾ, ਰਾਜ ਸਭਾ ਮੈਂਬਰ ਜੋ ਲੰਬੇ ਸਮੇਂ ਦੀ ਤਿਆਰੀ ਦੀ ਬਜਾਏ ਸਿਆਸੀ ਮਜਬੂਰੀ ਤਰ੍ਹਾਂ ਨਜ਼ਰ ਆ ਰਹੀ ਹੈ ਅਤੇ ਹੁਣ ਇਕ ਅਜਿਹੀ ਵਿਰਾਸਤ ਦੀ ਰਖਵਾਲੀ ਹੈ ਜਿਸ ’ਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ।

ਸੁਨੇਤਰਾ ਪਵਾਰ ਲਈ ਚੁਣੌਤੀ ਸਿਰਫ਼ ਜਾਨਸ਼ੀਨੀ ਦੀ ਨਹੀਂ ਹੈ; ਇਹ ਨਿਰੰਤਰਤਾ ਅਤੇ ਸਮਝੌਤੇ ਵਿਚਾਲੇ ਚੋਣ ਕਰਨ ਦੀ ਹੈ। ਅਜੀਤ ਪਵਾਰ ਨੇ ਰਾਕਾਂਪਾ ਧੜੇ ਨੂੰ ਇਕ ਕਮਾਨ ਢਾਂਚੇ ਦੇ ਰੂਪ ’ਚ ਚਲਾਇਆ, ਵਿਧਾਇਕਾਂ, ਸੋਮਿਆਂ ਅਤੇ ਗੱਠਜੋੜਾਂ ’ਤੇ ਉਨ੍ਹਾਂ ਦੇ ਕੰਟਰੋਲ ਨਾਲ ਸੱਤਾ ਦਾ ਪ੍ਰਵਾਹ ਹੁੰਦਾ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਚੁੱਕੇ ਗਏ ਝੰਡੇ ਦੇ ਡਿੱਗਣ ਦਾ ਖ਼ਤਰਾ ਹੈ, ਜਦੋਂ ਤੱਕ ਕਿ ਕੋਈ ਫੈਸਲਾਕੁੰਨ ਰੂਪ ’ਚ ਇਸ ਦਾ ਭਾਰ ਚੁੱਕਣ ਲਈ ਤਿਆਰ ਨਾ ਹੋਵੇ।

ਅਜੀਤ ਪਵਾਰ ਨੇ ਆਪਣੇ ਚਾਚੇ ਨੂੰ ਹਰਾਇਆ ਅਤੇ ਸਿਆਸੀ ਲੜਾਈ ’ਚ ਜੇਤੂ ਵਜੋਂ ਉਭਰੇ। ਪਰ ਸੁਨੇਤਰਾ ਦਾ ਅਧਿਕਾਰ ਜਥੇਬੰਦਕ ਨਹੀਂ, ਸਗੋਂ ਨੈਤਿਕ ਹੈ। ਰਾਜ ਸਭਾ ਸੀਟ ਉਨ੍ਹਾਂ ਨੂੰ ਰੁਤਬਾ ਤਾਂ ਦਿੰਦੀ ਹੈ, ਪਰ ਕਮਾਨ ਨਹੀਂ। ਸ਼ਰਦ ਪਵਾਰ ਦੀ ਵਧਦੀ ਹੋਈ ਛਾਇਆ ਨਾਲ ਦਬਾਅ ਹੋਰ ਵੀ ਵੱਧ ਗਿਆ ਹੈ। ਇਸ ਤਜਰਬੇਕਾਰ ਨੇਤਾ ਦਾ ਰੁਤਬਾ ਬੇਮਿਸਾਲ ਹੈ, ਉਨ੍ਹਾਂ ਦੀ ਮੌਜੂਦਗੀ ਪ੍ਰਭਾਵਸ਼ਾਲੀ ਹੈ।

ਵਿਰੋਧੀ ਰਾਕਾਂਪਾ ਧੜਿਆਂ ਵਿਚਾਲੇ ਏਕਤਾ ਦੀਆਂ ਮੰਗਾਂ ਫਿਰ ਤੋਂ ਉੱਠ ਖੜ੍ਹੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬਦਲ ਦੀ ਬਜਾਏ ਲਾਜ਼ਮੀਅਤਾ ਵਜੋਂ ਦੇਖਿਆ ਜਾ ਰਿਹਾ ਹੈ। ਸੁਨੇਤਰਾ ਲਈ ਏਕਤਾ ਦੂਰਅੰਦੇਸ਼ੀ ਲੱਗ ਸਕਦੀ ਹੈ ਪਰ ਇਸ ਦਾ ਮਤਲਬ ਅਜੀਤ ਪਵਾਰ ਦੀ ਬਗਾਵਤ ਨੂੰ ਉਸ ਵਿਆਪਕ ਵਿਰਾਸਤ ’ਚ ਸ਼ਾਮਲ ਕਰਨਾ ਵੀ ਹੋਵੇਗਾ ਜਿਸ ਨੇ ਕਦੇ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਸੀ।

ਸੁਨੇਤਰਾ ਪਵਾਰ ਜਾਣਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਿਚਕਿਚਾਹਟ ਨੂੰ ਕਮਜ਼ੋਰੀ ਸਮਝਿਆ ਜਾਵੇਗਾ। ਫਿਰ ਵੀ, ਕਾਹਲੀ ’ਚ ਲਿਆ ਗਿਆ ਕੋਈ ਵੀ ਫੈਸਲਾ ਧੜੇ ਨੂੰ ਇਸ ਕਦਰ ਬਿਖੇਰ ਸਕਦਾ ਹੈ ਕਿ ਉਸ ਨੂੰ ਠੀਕ ਕਰਨਾ ਨਾਮੁਮਕਿਨ ਹੋ ਜਾਵੇ। ਦਹਾਕਿਆਂ ਤੋਂ ਤਿਆਰ ਕੀਤੇ ਗਏ ਜਾਨਸ਼ੀਨਾਂ ਦੇ ਉਲਟ ਉਨ੍ਹਾਂ ਨੂੰ ਸਿਆਸਤ ਨੂੰ ਅਸਲ ਸਮੇਂ ’ਚ, ਸਖ਼ਤ ਨਿਗਰਾਨੀ ਹੇਠ ਸਿੱਖਣਾ ਹੋਵੇਗਾ। ਉਹ ਏਕਤਾ ਦਾ ਪੁਲ ਬਣ ਕੇ ਉਭਰੇਗੀ ਜਾਂ ਅਧੂਰੀ ਜਾਨਸ਼ੀਨੀ ਪਰੰਪਰਾ ਦਾ ਪ੍ਰਤੀਕ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ। ਫਿਲਹਾਲ, ਰਾਕਾਂਪਾ ਉਡੀਕ ਕਰ ਰਹੀ ਹੈ ਅਤੇ ਮਹਾਰਾਸ਼ਟਰ ਵੀ ਦੁਚਿੱਤੀ ’ਚ ਹੈ।


author

Rakesh

Content Editor

Related News