ਕੋਲਕਾਤਾ ’ਚ ਪੁਲਸ ਮੁਲਾਜ਼ਮ ਨੇ ਔਰਤ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

Saturday, Jun 11, 2022 - 11:46 AM (IST)

ਕੋਲਕਾਤਾ ’ਚ ਪੁਲਸ ਮੁਲਾਜ਼ਮ ਨੇ ਔਰਤ ਨੂੰ ਮਾਰੀ ਗੋਲੀ, ਫਿਰ ਕੀਤੀ ਖ਼ੁਦਕੁਸ਼ੀ

ਕੋਲਕਾਤਾ (ਭਾਸ਼ਾ)- ਮੱਧ ਕੋਲਕਾਤਾ ਦੇ ਪਾਰਕ ਸਰਕਸ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਬੰਗਲਾਦੇਸ਼ ਹਾਈ ਕਮਿਸ਼ਨ ਦੇ ਸਾਹਮਣੇ ਇਕ ਪੁਲਸ ਮੁਲਾਜ਼ਮ ਨੇ ਕਥਿਤ ਤੌਰ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਆਪਣੀ ਰਾਈਫਲ ਨਾਲ ਗੋਲੀਆਂ ਚਲਾਈਆਂ ਅਤੇ ਦੁਪਹਿਆ ਵਾਹਨ ਦੇ ਪਿੱਛੇ ਬੈਠੀ ਔਰਤ ਨੂੰ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਹ ਵਾਹਨ ਤੋਂ ਡਿੱਗ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦਕਿ ਪੁਲਸ ਮੁਲਾਜ਼ਮ ਨੇ ਕੁਝ ਦੇਰ ਗੋਲੀਬਾਰੀ ਕਰਨ ਤੋਂ ਬਾਅਦ ਆਪਣੇ ਸਿਰ ’ਚ ਗੋਲੀ ਮਾਰ ਲਈ। 

ਅਧਿਕਾਰੀ ਨੇ ਕਿਹਾ ਕਿ ਬੰਦੂਕਧਾਰੀ ਦੀ ਪਛਾਣ ਕੋਲਕਾਤਾ ਹਥਿਆਰ ਫ਼ੋਰਸ ਦੀ 5ਵੀਂ ਬਟਾਲੀਅਨ ਦੇ ਕਾਂਸਟੇਬਲ ਚਾਡੂਪ ਲੇਪਚਾ ਦੇ ਰੂਪ 'ਚ ਹੋਈ ਹੈ, ਜਿਸ ਨੇ ਘੱਟੋ-ਘੱਟ 15-20 ਰਾਊਂਡ ਗੋਲੀਬਾਰੀ ਕੀਤੀ। ਅਧਿਕਾਰੀ ਨੇ ਕਿਹਾ,''ਉਹ ਬੰਗਲਾਦੇਸ਼ ਹਾਈ ਕਮਿਸ਼ਨ ਦੇ ਬਾਹਰ ਡਿਊਟੀ 'ਤੇ ਸੀ। ਅਚਾਨਕ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।'' ਉਨ੍ਹਾਂ ਕਿਹਾ ਕਿ ਲੇਪਚਾ ਨੇ ਵਿਸ਼ੇਸ਼ ਰੂਪ ਨਾਲ ਔਰਤ ਨੂੰ ਨਿਸ਼ਾਨਾ ਬਣਾਇਆ, ਜੋ ਦੋਪਹੀਆ ਵਾਹਨ 'ਤੇ ਸਵਾਰ ਹੋ ਕੇ ਉੱਥੋਂ ਲੰਘ ਰਹੀ ਸੀ। ਪੁਲਸ ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ 'ਚ 2 ਰਾਹਗੀਰ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚਿਤਰੰਜਨ ਨੈਸ਼ਨਲ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰਨ ਵਾਲੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਕਿਹਾ ਕਿ ਲੇਪਚਾ ਇਕ ਸਾਲ ਪਹਿਲਾਂ ਸੇਵਾ 'ਚ ਸ਼ਾਮਲ ਹੋਇਆ ਸੀ।


author

DIsha

Content Editor

Related News