SP ਨੇ ਮੁਲਜ਼ਮਾਂ ਦੇ ਚਿਹਰੇ ਲੁਕਾਉਣ ਲਈ ਕੀਤੀ ''ਇਮੋਜੀ'' ਦੀ ਵਰਤੋਂ, ਦੱਸੀ ਇਹ ਵਜ੍ਹਾ
Monday, Nov 11, 2024 - 03:20 PM (IST)
ਬ੍ਰਹਮਾਪੁਰ (ਭਾਸ਼ਾ)- ਓਡੀਸ਼ਾ ਦੇ ਬ੍ਰਹਮਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਨੇ ਕੁੱਟਮਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਚਿਹਰੇ ਛੁਪਾਉਣ ਲਈ ਵੱਖ-ਵੱਖ 'ਇਮੋਜੀ' ਦੀ ਵਰਤੋਂ ਕੀਤੀ ਅਤੇ ਹੁਣ ਉਨ੍ਹਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਐੱਸਪੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਮੁਲਜ਼ਮਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਚਾਰਾਂ ਮੁਲਜ਼ਮਾਂ ਦੇ ਚਿਹਰੇ ਵੱਖ-ਵੱਖ ਹਾਵ-ਭਾਵ ਵਾਲੇ 'ਇਮੋਜੀ' ਨਾਲ ਲੁਕਾਏ ਗਏ ਹਨ। ਉਨ੍ਹਾਂ ਨੇ ਇਨ੍ਹਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ,"ਗੋਪਾਲਪੁਰ ਪੁਲਸ ਦੀ ਟੀਮ ਨੇ ਪਿਤਾ-ਪੁੱਤਰ 'ਤੇ ਹਮਲਾ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।"
ਸੋਮਵਾਰ ਸਵੇਰ ਤੱਕ ਉਨ੍ਹਾਂ ਦੀ ਪੋਸਟ ਨੂੰ 13 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪਲੇਟਫਾਰਮ 'ਤੇ ਉਸ ਦੀ ਪੋਸਟ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਮਿਲ ਰਹੀਆਂ ਹਨ। ਪੁਲਸ ਨੇ ਦੱਸਿਆ ਕਿ ਗਣੇਸ਼ ਰੈਡੀ (34) ਅਤੇ ਉਸ ਦੇ ਪਿਤਾ ਕੇ. ਕਾਲੂ 'ਤੇ 4 ਨਵੰਬਰ ਨੂੰ ਹਮਲਾ ਕਰਨ ਦੇ ਦੋਸ਼ 'ਚ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬ੍ਰਹਮਾਪੁਰ ਦੇ ਐੱਸਪੀ ਸਰਵਨ ਵਿਵੇਕ ਐੱਮ ਨੇ ਕਿਹਾ,“ਮੈਂ ਪਹਿਲਾਂ ਵੀ ਕਈ ਗ੍ਰਿਫ਼ਤਾਰ ਦੋਸ਼ੀਆਂ ਦੀਆਂ ਤਸਵੀਰਾਂ 'ਚ ਉਨ੍ਹਾਂ ਦੇ ਚਿਹਰੇ ਲੁਕਾਉਣ ਲਈ 'ਇਮੋਜੀ' ਦੀ ਵਰਤੋਂ ਕੀਤੀ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਸਮੇਤ ਹੋਰ ਪਲੇਟਫਾਰਮਾਂ 'ਤੇ ਵੀ ਸਾਂਝਾ ਕੀਤਾ ਹੈ।'' ਐੱਸਪੀ ਨੇ ਕਿਹਾ ਕਿ ਅਜਿਹਾ ਕਰਕੇ ਉਹ ਦੋਸ਼ੀਆਂ ਦੇ ਚਿਹਰੇ ਨਾ ਦਿਖਾਉਣ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8