ਪੁਲਸ ਨੇ ਡਰੋਨ ਦਾ ਇਸਤੇਮਾਲ ਕਰ ਕੇ ਜਬਰ ਜ਼ਿਨਾਹ ਮਾਮਲੇ ''ਚ ਫਰਾਰ ਦੋਸ਼ੀ ਫੜਿਆ
Saturday, May 03, 2025 - 05:04 PM (IST)

ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ 'ਚ ਪਹਿਲੀ ਵਾਰ ਪੁਲਸ ਨੇ ਜਬਰ ਜ਼ਿਨਾਹ ਦੇ ਇਕ ਦੋਸ਼ੀ ਨੂੰ ਫੜਣ ਲਈ ਡਰੋਨ ਦਾ ਇਸਤੇਮਾਲ ਕੀਤਾ, ਜੋ 10 ਮਹੀਨਿਆਂ ਤੋਂ ਲੁਕਦਾ ਫਿਰ ਰਿਹਾ ਸੀ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਲਤਾਈ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਦੇਵਕਰਨ ਦੇਹਰੀਆ ਨੇ ਦੱਸਿਆ ਕਿ ਪੁਲਸ ਨੇ 2 ਦਿਨਾਂ ਤੱਕ ਡਰੋਨ ਦੀ ਵਰਤੋਂ ਕਰ ਕੇ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੋਂ ਬਾਅਦ ਇਸ ਹਫ਼ਤੇ ਦੇ ਸ਼ੁਰੂ 'ਚ ਦੋਸ਼ੀ ਅਮਿਤ ਮਾਲਵੀਆ (27) ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ,"ਅਸੀਂ 2 ਦਿਨਾਂ ਤੱਕ ਦੋਸ਼ੀ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ ਅਤੇ 29 ਅਪ੍ਰੈਲ ਨੂੰ ਉਸ ਨੂੰ ਉਸ ਸਮੇਂ ਫੜ ਲਿਆ ਜਦੋਂ ਉਹ ਆਪਣੇ ਘਰ 'ਚ ਦਾਖਲ ਹੋ ਰਿਹਾ ਸੀ।''
ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਮਾਲਵੀਆ ਘਰ ਦੇ ਪਿਛਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋਇਆ, ਪੁਲਸ ਟੀਮ ਨੇ ਉਸ ਨੂੰ ਫੜ ਲਿਆ। ਦੇਹਰੀਆ ਨੇ ਕਿਹਾ ਕਿ ਦੋਸ਼ੀ ਪਿਛਲੇ 10 ਮਹੀਨਿਆਂ ਤੋਂ ਪੁਲਸ ਨੂੰ ਚਕਮਾ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ 3,000 ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਪੁਲਸ ਸੁਪਰਡੈਂਟ, ਨਿਸ਼ਚਲ ਝਰੀਆ ਨੇ ਕਿਹਾ ਕਿ ਦੋਸ਼ੀ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਰਹਿੰਦਾ ਸੀ ਅਤੇ ਕਈ ਵਾਰ ਪੁਲਸ ਹਿਰਾਸਤ 'ਚੋਂ ਭੱਜ ਚੁੱਕਾ ਸੀ। ਝਰੀਆ ਨੇ ਕਿਹਾ,"ਇਸ ਵਾਰ ਅਸੀਂ ਉਸ ਨੂੰ ਫੜਨ ਲਈ ਵੱਖ-ਵੱਖ ਤਰੀਕੇ ਅਪਣਾਏ ਅਤੇ ਉਸ ਨੂੰ ਫੜਨ ਲਈ ਡਰੋਨਾਂ 'ਤੇ ਧਿਆਨ ਕੇਂਦਰਿਤ ਕੀਤਾ।" ਸਟੇਸ਼ਨ ਇੰਚਾਰਜ ਦੇਹਰੀਆ ਨੇ ਕਿਹਾ ਕਿ ਜੂਨ 2024 'ਚ ਦੋਸ਼ੀ ਵਿਰੁੱਧ ਦਰਜ ਸ਼ਿਕਾਇਤ ਦੇ ਅਨੁਸਾਰ, ਉਸ ਨੇ ਇਕ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ ਜ਼ਿਨਾਹ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8