ਪੁਲਸ ਮੁਲਾਜ਼ਮ ਨੇ ਮਹਿਲਾ ਨਾਲ ਕੀਤਾ ਕੁਕਰਮ, ਬਣਾਉਦਾ ਸੀ ਅਸ਼ਲੀਲ ਵੀਡੀਓ
Monday, Mar 26, 2018 - 11:23 PM (IST)

ਪੁਣੇ—ਪੁਲਸ ਜਨਤਾ ਦੀ ਸੁਰੱਖਿਆ ਲਈ ਹੁੰਦੀ ਹੈ ਪਰ ਜਦੋਂ ਪੁਲਸ ਹੀ ਰੱਖਿਅਕ ਤੋਂ ਹੈਵਾਨ ਬਣ ਜਾਵੇ ਤਾਂ ਜਨਤਾ ਕਿਸ 'ਤੇ ਭਰੋਸਾ ਕਰੇਗੀ। ਅਜਿਹਾ ਹੀ ਇਕ ਮਾਮਲਾ ਪੁਣੇ ਦੇ ਕੋਂਧਵਾ ਇਲਾਕੇ ਦਾ ਹੈ, ਜਿਥੇ ਇਕ ਪੁਲਸ ਮੁਲਾਜ਼ਮ ਨੇ 28 ਸਾਲਾ ਦੀ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪੁਣੇ 'ਚ ਕੋਂਧਵਾ ਪੁਲਸ ਨੇ ਸੰਸਪੈਂਡ ਚੱਲ ਰਹੇ ਪੁਲਸ ਮੁਲਾਜ਼ਮ ਖਿਲਾਫ 28 ਸਾਲਾ ਮਹਿਲਾ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਦੋਸ਼ੀ ਪਿਛਲੇ 9 ਸਾਲਾਂ ਤੋਂ ਪੀੜਤਾਂ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਰਿਹਾ ਸੀ, ਇੰਨਾ ਹੀ ਨਹੀਂ ਉਸ 'ਤੇ ਮਹਿਲਾ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੁਲਸ ਮੁਲਾਜ਼ਮ ਨੂੰ 10 ਦਿਨ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਹੈ। ਕੋਂਧਵਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਹਿਲਾ ਅਤੇ ਮੁਲਾਜ਼ਮ ਇਕ ਦੂਜੇ ਨੂੰ ਜਾਣਦੇ ਸਨ। ਆਪਣੀ ਸ਼ਿਕਾਇਤ 'ਚ ਮਹਿਲਾ ਨੇ ਦੱਸਿਆ ਕਿ ਸਾਲ 2009 'ਚ ਇਕ ਦਿਨ ਦੋਸ਼ੀ ਪੁਲਸ ਮੁਲਾਜ਼ਮ ਉਸ ਨੂੰ ਆਪਣੇ ਇਕ ਦੋਸਤ ਦੇ ਕਮਰੇ 'ਚ ਲੈ ਗਿਆ, ਜਿਥੇ ਉਸ ਨੇ ਉਸ ਨੂੰ ਸਾਫਟ ਡਿੰ੍ਰਕ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਅਤੇ ਫਿਰ ਉਸ ਨਾਲ ਕੁਕਰਮ ਕੀਤਾ।
ਇਸ ਤੋਂ ਇਲਾਵਾ ਮਹਿਲਾ ਦੇ ਪਤੀ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ, ਜਿਸ ਨੇ ਦੋਸ਼ੀ ਮੁਲਾਜ਼ਮ ਵਲੋਂ ਉਕਸਾਏ ਜਾਣ ਤੋਂ ਬਾਅਦ ਆਪਣੀ ਪਤਨੀ ਖਿਲਾਫ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ। ਉਕਤ ਦੋਵਾਂ ਦੋਸ਼ੀਆਂ ਖਿਲਾਫ ਆਈ. ਪੀ. ਸੀ. ਦੀ ਧਾਰਾ376, 363 ਅਤੇ 384 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।