ਪੁਲਸ ਵਾਲੇ ਨੇ ਸਟੇਜ਼ ''ਤੇ ਨੱਚਦੀ ਡਾਂਸਰ ਹੱਥ ਫੜ੍ਹਾਈ ਸਰਕਾਰੀ ਰਿਵਾਲਰ ਤੇ ਫਿਰ...
Friday, Nov 28, 2025 - 07:49 PM (IST)
ਬੇਤੀਆ : ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਮੁਫੱਸਿਲ ਥਾਣਾ ਖੇਤਰ ਅਧੀਨ ਪੈਂਦੇ ਰਾਮਪੁਰ ਬੈਰਾਗੀ ਪਿੰਡ ਵਿੱਚ ਇੱਕ ਪਰਿਵਾਰਕ ਸਮਾਗਮ ਦੌਰਾਨ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਬਿਹਾਰ ਪੁਲਸ ਦੇ ਇੱਕ ਜਵਾਨ ਨੇ ਸਰਕਾਰੀ ਪਿਸਤੌਲ ਦਾ ਖੁੱਲ੍ਹੇਆਮ ਗਲਤ ਇਸਤੇਮਾਲ ਕੀਤਾ। ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਇਹ ਘਟਨਾ ਪਵਨ ਸਹਿਨੀ ਦੇ ਪੁੱਤਰ ਦੇ ਛੱਠੀਆਰ (ਜਨਮ ਦੇ ਛੇਵੇਂ ਦਿਨ ਦੇ ਭੋਜ) ਸਮਾਗਮ ਦੌਰਾਨ ਵਾਪਰੀ। ਇਸ ਸਮੇਂ ਗੋਪਾਲਗੰਜ ਦੇ ਕੁਚਾਈ ਕੋਟ ਥਾਣੇ ਵਿੱਚ ਤਾਇਨਾਤ ਪੁਲਸ ਜਵਾਨ ਅਮਿਤ ਚੌਧਰੀ ਨੇ ਆਪਣੀ ਸਰਕਾਰੀ ਪਿਸਤੌਲ ਉੱਥੇ ਨੱਚ ਰਹੀ ਡਾਂਸਰ ਨੂੰ ਫੜਾ ਦਿੱਤੀ। ਇਸ ਤੋਂ ਬਾਅਦ ਉਕਤ ਡਾਂਸਰ ਲੜਕੀ ਨੂੰ ਸਟੇਜ 'ਤੇ ਉਹ ਹਥਿਆਰ ਲਹਿਰਾਉਂਦੀ ਦੇਖਿਆ ਗਿਆ, ਜਿਸਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਵੀਡੀਓ ਮੁਤਾਬਕ, ਬੁੱਧਵਾਰ ਦੀ ਰਾਤ ਨੂੰ ਜਵਾਨ ਅਮਿਤ ਚੌਧਰੀ ਨੇ ਮੌਕੇ 'ਤੇ ਹਰਸ਼ ਫਾਇਰਿੰਗ ਵੀ ਕੀਤੀ, ਜਿਸ ਕਾਰਨ ਪਿੰਡ ਵਾਲਿਆਂ ਵਿੱਚ ਦਹਿਸ਼ਤ ਫੈਲ ਗਈ। ਘਟਨਾ ਸਮੇਂ ਮੌਕੇ 'ਤੇ ਉਸਦੇ ਭਰਾ ਮਿਸਿਰ ਚੌਧਰੀ ਅਤੇ ਫਾਇਰ ਬ੍ਰਿਗੇਡ ਵਿਭਾਗ ਦਾ ਸਿਪਾਹੀ ਅਨਮੋਲ ਤਿਵਾੜੀ ਵੀ ਮੌਜੂਦ ਸਨ।
ਵਿਰੋਧ ਕਰਨ 'ਤੇ ਪਿੰਡ ਵਾਲਿਆਂ ਨਾਲ ਕੁੱਟਮਾਰ
ਰਿਪੋਰਟ ਅਨੁਸਾਰ, ਜਦੋਂ ਪਿੰਡ ਵਾਲਿਆਂ ਨੇ ਇਸ ਖ਼ਤਰਨਾਕ ਹਰਕਤ ਦਾ ਵਿਰੋਧ ਕੀਤਾ, ਤਾਂ ਦੋਸ਼ ਹੈ ਕਿ ਪੁਲਸ ਜਵਾਨਾਂ ਨੇ ਪਿੰਡ ਵਾਲਿਆਂ ਨਾਲ ਕੁੱਟਮਾਰ ਵੀ ਕੀਤੀ, ਜਿਸ ਕਾਰਨ ਉੱਥੇ ਹਫੜਾ-ਦਫ਼ੜੀ ਮੱਚ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਮਾਮਲੇ ਨੇ ਹੋਰ ਤੂਲ ਫੜ ਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਫੱਸਿਲ ਥਾਣਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜਵਾਨ ਅਮਿਤ ਚੌਧਰੀ, ਉਸਦੇ ਭਰਾ ਮਿਸਿਰ ਚੌਧਰੀ ਅਤੇ ਅਨਮੋਲ ਤਿਵਾੜੀ ਸਮੇਤ ਅਣਪਛਾਤੇ ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ। ਤਿੰਨੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਐੱਸ.ਪੀ. ਸਦਰ-1 ਵਿਵੇਕ ਦੀਪ ਨੇ ਇਸ ਮਾਮਲੇ 'ਤੇ ਸਖ਼ਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਸਰਕਾਰੀ ਹਥਿਆਰ ਦੀ ਦੁਰਵਰਤੋਂ ਇੱਕ ਗੰਭੀਰ ਅਨੁਸ਼ਾਸਨਹੀਣਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਆਰਮਜ਼ ਐਕਟ ਸਮੇਤ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਵੀਡੀਓ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ।
