ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਮੈਨੁਦੀਨ ਦੇ ਨੇਪਾਲ, ਪਾਕਿ ਤੇ ਦੁਬਈ ਨਾਲ ਜੁੜੇ ਤਾਰ

Saturday, Oct 29, 2022 - 12:59 PM (IST)

ਆਜ਼ਮਗੜ੍ਹ/ਲਖਨਊ (ਭਾਸ਼ਾ)– ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਅਤੇ ਆਜ਼ਮਗੜ੍ਹ ਜ਼ਿਲੇ ਦੀ ਪੁਲਸ ਨੇ ਸਾਂਝੀ ਮੁਹਿੰਮ ਵਿਚ ਨਾਜਾਇਜ਼ ਹਥਿਆਰਾਂ ਦੇ 2 ਅੰਤਰਰਾਜੀ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਏ. ਡੀ. ਜੀ. ਪੀ. (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਉੱਤਰ ਪ੍ਰਦੇਸ਼ ਏ. ਟੀ. ਐੱਸ. ਅਤੇ ਆਜ਼ਮਗੜ੍ਹ ਪੁਲਸ ਨੇ ਜ਼ਿਲੇ ਦੇ ਬਿਲਰਿਆਗੰਜ ਥਾਣਾ ਖੇਤਰ ਦੇ ਫਲਾਹਨਗਰ ਵਾਸੀ ਆਫਤਾਬ ਆਲਮ ਅਤੇ ਪਤਿਲਾ ਗੌਸਪੁਰ ਵਾਸੀ ਮੈਨੁਦੀਨ ਸ਼ੇਖ ਨੂੰ ਆਜ਼ਮਗੜ੍ਹ ਤੋਂ ਗ੍ਰਿਫਤਾਰ ਕੀਤਾ।

ਪੁਲਸ ਨੇ ਦਾਅਵਾ ਕੀਤਾ ਹੈ ਕਿ ਦੋਸ਼ੀ ਮੈਨੁਦੀਨ ਦੇ ਨੇਪਾਲ, ਪਾਕਿਸਤਾਨ ਅਤੇ ਦੁਬਈ ਨਾਲ ਤਾਰ ਜੁੜੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲਸ ਨੂੰ ਪੁੱਛਗਿੱਛ ਵਿਚ ਦੋਸ਼ੀਆਂ ਨੇ ਕਈ ਅਹਿਮ ਸੁਰਾਗ ਦਿੱਤੇ ਹਨ। ਪੁਲਸ ਮੁਤਾਬਕ ਆਫਤਾਬ ਆਲਮ ਪਹਿਲਾਂ ਵੀ 2 ਵਾਰ ਜੇਲ ਜਾ ਚੁੱਕਾ ਹੈ ਅਤੇ ਉਹ ਮੈਨੁਦੀਨ ਤੋਂ ਨਾਜਾਇਜ਼ ਹਥਿਆਰ ਅਤੇ ਕਾਰਤੂਸ ਖਰੀਦ ਕੇ ਸਮੱਗਲਿੰਗ ਕਰਦਾ ਸੀ ਜਦਕਿ ਮੈਨੁਦੀਨ ਸ਼ੇਖ ਕਾਫੀ ਦਿਨਾਂ ਤੋਂ ਆਜ਼ਮਗੜ੍ਹ ਵਿਚ ਗਨ ਹਾਊਸ ਦੇ ਗਠਜੋੜ ਨਾਲ ਨਾਜਾਇਜ਼ ਅਸਲਾ ਅਤੇ ਕਾਰਤੂਸ ਦੀ ਸਮੱਗਲਿੰਗ ਕਰਦਾ ਸੀ। ਬਿਆਨ ਮੁਤਾਬਕ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ 9 ਐੱਮ. ਐੱਮ. ਦੀ ਇਕ ਪਿਸਤੌਲ, .22 ਦੀ ਇਕ ਪਿਸਤੌਲ, ਇਕ ਦੋਨਾਲੀ ਬੰਦੂਕ, 3 ਤਮੰਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਰਤੂਸ ਅਤੇ ਹਥਿਆਰ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।


Rakesh

Content Editor

Related News